ਮੁੱਲਾਂਪੁਰ-ਦਾਖਾ, 31 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਪਿੰਡ ਮੁੱਲਾਂਪੁਰ ਦੇ ਪ੍ਰਬੰਧਕਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਨਾਲ ਸ਼ਿੰਗਾਰੀ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਨਾਲ ਚੱਲ ਰਹੀ ਸੰਗਤ ਵਲੋਂ ਪਿੰਡ ਮੁੱਲਾਂਪੁਰ ਦੀ ਪਰਿਕਰਮਾ ਕੀਤੀ ਗਈ | ਨਗਰ ਕੀਰਤਨ ਦੀ ਆਰੰਭਤਾ ਸਮੇਂ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਦੇ ਪ੍ਰਬੰਧਕੀ ਪ੍ਰਧਾਨ ਨਿਹੰਗ ਬਾਬਾ ਬਖਸ਼ੀਸ਼ ਸਿੰਘ, ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਮੇਜਰ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ ਕਲੇਰ, ਬਲਾਕ ਸੰਮਤੀ ਮੈਂਬਰ ਮਨਵੀਰ ਸਿੰਘ, ਨੰਬਰਦਾਰ ਜਸਪਾਲ ਸਿੰਘ ਗਿੱਲ, ਹੋਰਨਾਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਨਗਰ ਕੀਰਤਨ ਦੌਰਾਨ ਪਿੰਡ ਮੁੱਲਾਂਪੁਰ ਦੀ ਪਰਿਕਰਮਾ ਸਮੇਂ ਭਾਈ ਜਸਵੀਰ ਸਿੰਘ ਦੇ ਰਾਗੀ ਜੱਥੇ ਵਲੋਂ ਰਸਭਿੰਨਾਂ ਕੀਰਤਨ ਕੀਤਾ | ਪੰਥ ਪ੍ਰਸਿੱਧ ਢਾਡੀ ਬਲਦੇਵ ਸਿੰਘ ਰਕਬਾ ਦੇ ਜੱਥੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਜੁੜੀਆ ਇਤਿਹਾਸਕ ਵਾਰਾਂ ਦਾ ਵਰਣਨ ਕੀਤਾ | ਐੱਨ.ਆਰ.ਆਈ ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਹਿਬ-ਏ ਕਮਾਲ ਦੇ ਪਰਿਵਾਰ ਲਾਸਾਨੀ ਸ਼ਹਾਦਤ ਦੀ ਮਿਸ਼ਾਲ ਹੈ | ਲੋਹੜੇ ਦੀ ਠੰਡ 'ਚ ਨਗਰ ਕੀਰਤਨ ਸਮੇਂ ਸੰਗਤ ਵਿਚ ਅਥਾਹ ਸ਼ਰਧਾ ਰਹੀ, ਉਥੇ ਸ਼ਰਧਾਲੂਆਂ ਵਲੋਂ ਥਾਂ-ਥਾਂ ਦੁੱਧ, ਚਾਹ, ਬਰੈੱਡ-ਪਕੌੜਿਆਂ ਦੇ ਲੰਗਰ ਲਗਾਏ ਗਏ |