ਜਗਰਾਉਂ, 31 ਦਸੰਬਰ (ਗੁਰਦੀਪ ਸਿੰਘ ਮਲਕ)-ਜਗਰਾਉਂ-ਸਿੱਧਵਾਂ ਬੇਟ ਰੋਡ 'ਤੇ ਬੁੱਧਵਾਰ ਤੜਕੇ ਕਰੀਬ ਸਵਾ ਤਿੰਨ ਵਜੇ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ | ਇਸ ਹਾਦਸੇ ਵਿਚ ਇਕੋ ਪਰਿਵਾਰ ਦੇ 2 ਮਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ 2 ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਵਲੋਂ ਜਗਰਾਉਂ ਵੱਲ ਨੂੰ ਆ ਰਿਹਾ ਮੋਟੀ ਬੱਜ਼ਰੀ (ਗਟਕਾ) ਨਾਲ ਭਰਿਆ ਓਵਰਲੋਡ ਤੇਜ਼ ਰਫ਼ਤਾਰ ਟਰੱਕ ਸੜਕ ਕਿਨਾਰੇ ਪਏ ਕੂੜੇ ਦੇ ਢੇਰ 'ਤੇ ਚੜ੍ਹ ਗਿਆ | ਕੂੜੇ ਦੇ ਢੇਰ 'ਤੇ ਟਰੱਕ ਦਾ ਅਗਲਾ ਟਾਇਰ ਚੜ੍ਹਦੇ ਹੀ ਟਰੱਕ ਇਕ ਪਾਸੇ ਦਬ ਗਿਆ ਅਤੇ ਸੰਤੁਲਨ ਵਿਗੜ ਗਿਆ | ਡਰਾਈਵਰ ਦੀਆਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਇਕ ਝੁੱਗੀ 'ਤੇ ਪਲਟ ਗਿਆ | ਇਸ ਭਿਆਨਕ ਹਾਦਸੇ 'ਚ ਝੁੱਗੀ ਅੰਦਰ ਸੁੱਤੇ ਦੋ ਸਕੇ ਭੈਣ-ਭਰਾ, ਪੰਜ ਸਾਲਾ ਗੋਪਾਲ ਅਤੇ ਚਾਰ ਸਾਲਾ ਪਿੰਕੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ | ਜਦਕਿ ਬੱਚਿਆਂ ਦੇ ਮਾਤਾ-ਪਿਤਾ ਅਤੇ ਦੋ ਹੋਰ ਭਰਾ ਵੀ ਇਸ ਹਾਦਸੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਗਰਾਉਂ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਇਹ ਪੂਰਾ ਪਰਿਵਾਰ ਝੂੱਗੀ ਅੰਦਰ ਸੁੱਤਾ ਪਿਆ ਸੀ, 2 ਮੰਜ਼ਿਆਂ 'ਤੇ 4 ਬੱਚੇ ਅਤੇ ਜ਼ਮੀਨ 'ਤੇ ਪਤੀ-ਪਤਨੀ ਸੁੱਤੇ ਪਾਏ ਸਨ | | ਟਰੱਕ ਦੇ ਪਲਟਣ ਨਾਲ ਟਰੱਕ ਵਿਚ ਭਰੀ ਬੱਜ਼ਰੀ ਝੁੂੱਗੀ 'ਤੇ ਡਿੱਗ ਪਈ, ਜਿਸ ਨਾਲ ਅਗਲੇ ਪਾਸੇ ਮੰਜੇ 'ਤੇ ਸੁੱਤੇ ਗੋਪਾਲ (5) ਤੇ ਪਿੰਕੀ (4) ਬੱਜ਼ਰੀ ਹੇਠ ਦਬ ਗਏ | ਹਾਦਸੇ 'ਚ ਪਿਤਾ ਸਦਾਸੁਖ, ਮਾਂ ਸਕੀਨਾ ਅਤੇ ਦੋ ਹੋਰ ਬੱਚੇ ਸੰਦੀਪ (12) ਤੇ ਮੰਦੀਪ (9) ਜ਼ਖ਼ਮੀ ਹੋ ਗਏ |