ਜਗਰਾਉਂ, 31 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਲਈ ਕੂੜਾ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਮੱਸਿਆ ਬਣਿਆ ਹੋਇਆ ਹੈ | ਇਸ ਸਮੱਸਿਆ ਦਾ ਕਿਸੇ ਵੀ ਰਾਜਨੀਤਿਕ ਆਗੂ ਵਲੋਂ ਤੇ ਨਾ ਹੀ ਸਿਵਲ ਪ੍ਰਸ਼ਾਸਨ ਨੇ ਪੱਕਾ ਹੱਲ ਕੱਢਿਆ | ਇਸ ਸਮੱਸਿਆ ਦਾ ਹਮੇਸ਼ਾ ਸਫ਼ਾਈ ਸੇਵਕਾਂ ਨੂੰ ਇਸ ਲਈ ਜ਼ਿੰਮੇਵਾਰ ਦਿਖਾ ਕੇ ਪੱਲਾ ਝਾੜ ਦਿੱਤਾ ਜਾਂਦਾ ਹੈ | ਇਸ ਸੰਬੰਧੀ ਸਫ਼ਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਕੂੜੇ ਲਈ ਸਿਰਫ਼ ਤੇ ਸਿਰਫ਼ ਰਾਜਨੀਤਿਕ ਆਗੂ ਅਤੇ ਨਗਰ ਕੌਂਸਲ ਜਗਰਾਉਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਨਾ ਕਿ ਸਫ਼ਾਈ ਸੇਵਕ | ਉਨ੍ਹਾਂ ਨੇ ਸਫ਼ਾਈ ਸੇਵਕਾਂ ਦਾ ਕੰਮ ਸਿਰਫ਼ ਤੇ ਸਿਰਫ ਗਲੀ ਦੇ ਵਿਚੋਂ ਸੜਕਾਂ ਉੱਪਰ ਝਾੜੂ ਲਾਉਣਾ, ਛੋਟੀ ਮੋਟੀ ਨਾਲੀਆਂ ਦੇ ਵਿਚ ਰੁਕਾਵਟ ਅਤੇ ਖਾਲੀ ਉਸ ਦੀ ਸਾਫ਼-ਸਫ਼ਾਈ ਕਰਨਾ ਹੀ ਸਫ਼ਾਈ ਸੇਵਕਾਂ ਦਾ ਕੰਮ ਹੁੰਦਾ ਹੈ | ਜਦੋਂ ਸਫ਼ਾਈ ਕਰਮਚਾਰੀ ਕੂੜਾ ਉਨ੍ਹਾਂ ਡੰਪਾ ਉੱਪਰ ਸੁੱਟਦੇ ਹਨ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਗੁਮਰਾਹ ਕਰਕੇ ਸਫ਼ਾਈ ਸੇਵਕਾਂ ਦੀ ਸ਼ਾਖ ਨੂੰ ਖ਼ਰਾਬ ਕਰਨ ਵਾਲੇ ਕੌਂਸਲਰਾਂ ਖਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਉਨ੍ਹਾਂ ਨੇ ਸਿਵਲ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਗਰ ਕੌਂਸਲ ਅੰਦਰ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਕੀਤਾ ਜਾਵੇ, ਕਿਉਂਕਿ ਨਾ ਤਾਂ ਕੋਈ ਪੰਕਾ ਸੈਟਰੀ ਇੰਸਪੈਕਟਰ ਜਾਂ ਕੋਈ ਹੋਰ ਅਧਿਕਾਰੀ ਪੱਕੇ ਤੌਰ 'ਤੇ ਤਾਇਨਾਤ ਹੈ ਅਤੇ ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਦੇ 23 ਵਾਰਡਾਂ ਅੰਦਰੋਂ ਡੋਰ-ਟੂ-ਡੋਰ ਕੂੜਾ ਚੁੱਕਣ ਲਈ 23 ਸਫ਼ਾਈ ਸੇਵਕਾਂ ਦਾ ਮਤਾ ਪਾਸ ਕਰਵਾ ਕੇ ਟੈਂਡਰ ਵੀ ਹੋ ਚੁੱਕਾ ਹੈ, ਪ੍ਰੰਤੂ ਅੱਜ ਤੱਕ ਉਨ੍ਹਾਂ ਦਾ ਵਰਕ ਆਡਰ ਨਹੀਂ ਕੀਤਾ ਗਿਆ |ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਜਿਨ੍ਹਾਂ ਚਿਰ ਕੂੜਾ ਸੁੱਟਣ ਲਈ ਜਾਂ ਸੈਕੰਡਰੀ ਪੁਆਇੰਟਾਂ ਦਾ ਪੱਕੇ ਤੌਰ 'ਤੇ ਹੱਲ ਨਹੀਂ ਹੁੰਦਾ, ਉਹ ਕੂੜਾ ਨਹੀਂ ਚੁੱਕਣਗੇ | ਇਸ ਮੌਕੇ ਸਫ਼ਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਪ੍ਰਧਾਨ ਸਨੀ ਸੁੰਦਰ, ਪ੍ਰਦੀਪ ਕੁਮਾਰ, ਸੋਮਵੀਰ, ਸੁਰਜੀਤ ਸਿੰਘ, ਸਨਦੀਪ ਕੁਮਾਰ, ਅੰਨਲ ਸਿੰਘ, ਬਿਕਰਮ ਕੁਮਾਰ, ਭੂਸ਼ਣ ਗਿੱਲ ਆਦਿ ਹਾਜ਼ਰ ਰਹੇ |