ਬੀ.ਕਿ.ਯੂ. ਏਕਤਾ (ਉਗਰਾਹਾਂ) ਵਲੋਂ ਭਾਰਤ-ਅਮਰੀਕਾ ਦੇ ਵਪਾਰ ਸਮਝੌਤੇ ਖਿਲਾਫ਼ ਆਰ-ਪਾਰ ਦੇ ਸੰਘਰਸ਼ ਦਾ ਐਲਾਨ
ਰਾਏਕੋਟ, 25 ਅਗਸਤ (ਬਲਵਿੰਦਰ ਸਿੰਘ ਲਿੱਤਰ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਮਨਜੀਤ ਸਿੰਘ ਬੁਢੇਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਰਾਏਕੋਟ, 25 ਅਗਸਤ (ਬਲਵਿੰਦਰ ਸਿੰਘ ਲਿੱਤਰ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਮਨਜੀਤ ਸਿੰਘ ਬੁਢੇਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਆਖਿਆ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਜਾ ਰਿਹਾ ਮੁਕਤ ਵਪਾਰ ਸਮਝੌਤਾ ਅਤਿਅੰਤ ਖ਼ਤਰਨਾਕ ਹੈ, ਜੋ ਖੇਤੀਬਾੜੀ ਖੇਤਰ ਦੀਆਂ ਜੜ੍ਹਾਂ ਵੱਢਣ ਦਾ ਕੰਮ ਕਰੇਗਾ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਨਾ ਸਿਰਫ਼ ਕਿਸਾਨਾਂ ਨੂੰ ਆਰਥਿਕ ਮਾਰ ਪਵੇਗੀ, ਸਗੋਂ ਛੋਟੇ ਵਪਾਰੀ, ਦੁਕਾਨਦਾਰ, ਖੇਤ ਮਜ਼ਦੂਰ, ਸਨਅਤੀ ਮਜ਼ਦੂਰ ਅਤੇ ਖੇਤੀ ’ਤੇ ਨਿਰਭਰ ਹੋਰ ਸਾਰੇ ਵਰਗ ਤਬਾਹੀ ਦੇ ਕੰਢੇ ਪਹੁੰਚ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ ਬੁਢੇਲ ਨੇ ਆਖਿਆ ਕਿ ਸਰਕਾਰ ਨੂੰ ਕੋਈ ਵੀ ਅੰਤਰਰਾਸ਼ਟਰੀ ਵਪਾਰ ਸਮਝੌਤਾ ਕਰਨ ਤੋਂ ਪਹਿਲਾਂ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ, ਪਰ ਮੌਜੂਦਾ ਸਰਕਾਰਾਂ ਕਿਸਾਨੀ ਮੰਗਾਂ ਨੂੰ ਅਣਗੌਲਿਆ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨੀਤੀਆਂ ਕਾਰਨ ਪੂਰਾ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲਾ ਜਾਵੇਗਾ। ਇਸ ਮੌਕੇ 30 ਅਗਸਤ ਤੋਂ ਡੀ.ਸੀ. ਦਫ਼ਤਰ ਲੁਧਿਆਣਾ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਇਕਾਈਆਂ ਦੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ।ਇਸ ਮੌਕੇ ਜਗਰਾਜ ਸਿੰਘ ਰਾਜੂ ਪ੍ਰਧਾਨ ਇਕਾਈ ਦੱਧਾਹੂਰ, ਜਗਰੂਪ ਸਿੰਘ ਸਹਿਬਾਜਪੁਰਾ, ਮਾਨ ਸਿੰਘ ਸਹਿਬਾਜ਼ਪੁਰਾ, ਕੁਲਦੀਪ ਸਿੰਘ, ਜਗਰਾਜ ਸਿੰਘ ਬੁਰਜ ਹਰੀ ਸਿੰਘ, ਗੋਰੀ ਸਿੰਘ ਬੁਰਜ, ਬਲਵਿੰਦਰ ਸਿੰਘ ਨੂਰਪੁਰਾ, ਹਰਪਾਲ ਸਿੰਘ ਪ੍ਰਧਾਨ ਇਕਾਈ ਬੁਢੇਲ, ਮਨਜੀਤ ਸਿੰਘ ਰਾਏਕੋਟ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।