ਸਿੱਧਵਾਂ ਬੇਟ, 1 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਜਥੇਦਾਰ ਅਤੇ ਜ਼ੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਂ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਰਾਹੀਂ ਮਿਲਣ ਵਾਲੀਆਂ ਗ੍ਰਾਂਟਾਂ ਨਾਲ ਆਪਣੇ ਜ਼ੋਨ ਵਿਚ ਪੈਂਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਬਿਨਾਂ ਪੱਖਪਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਕਰਾਂਗਾ | ਜਥੇਦਾਰ ਹਾਂਸ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਬਤੌਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਵਜੋਂ ਕੀਤੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਇਯਾਲੀ ਸਾਹਿਬ ਨੇ ਹਲਕਾ ਦਾਖਾ ਦੇ ਵਿਕਾਸ ਲਈ ਦਿਨ-ਰਾਤ ਇਕ ਕੀਤਾ ਮੈਂ ਉਸੇ ਤਰ੍ਹਾਂ ਹੀ ਵਿਧਾਇਕ ਇਯਾਲੀ ਦੀ ਬਾਂਹ ਫੜ੍ਹ ਕੇ ਕੰਮ ਕਰਾਂਗਾ | ਹਾਂਸ ਨੇ ਬਦਲਾਅ ਵਾਲੀ ਮਾਨ ਸਰਕਾਰ ਨੂੰ ਵੀ ਨਿਸ਼ਾਨੇ 'ਤੇ ਲੈਂਦੇ ਹੋਏ ਆਖਿਆ ਕਿ ਮਾਨ ਸਰਕਾਰ ਵੀ ਭਾਜਪਾ ਦੀ ਕੇਂਦਰ ਸਰਕਾਰ ਦੀ ਤਰਜ਼ 'ਤੇ ਪੰਜਾਬ ਨੂੰ ਪੂੰਜੀਪਤੀਆਂ ਕੋਲ ਵੇਚਣਾ ਚਾਹੁੰਦੀ ਹੈ ਇਹੀ ਕਾਰਨ ਹੈ ਕਿ ਉਹ ਹਲਕਾ ਦਾਖਾ ਦੇ ਕਈ ਪਿੰਡਾਂ ਨੂੰ ਲੁਧਿਆਣਾ ਦੇ ਨਾਲ ਜੋੜਣ ਦਾ ਯਤਨ ਕਰ ਰਹੀ ਹੈ, ਪਰ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ |