ਸਿੱਧਵਾਂ ਬੇਟ, 3 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਸਥਾਨਕ ਕਸਬੇ ਦੇ ਕਿਸ਼ਨਪੁਰਾ ਚੌਂਕ ਵਿਚ ਪਾਨ, ਬੀੜੀਆਂ ਅਤੇ ਹੋਰ ਸਮਾਨ ਵੇਚ ਰਹੇ ਇਕ ਪ੍ਰਵਾਸੀ ਲੜਕੇ ਦੇ ਨਾਲ-ਨਾਲ ਕੁਝ ਹੋਰ ਲੋਕਾਂ ਦੀ ਇਕ ਪੁਲਿਸ ਪਾਰਟੀ ਵਲੋਂ ਕੀਤੀ ਜਾ ਰਹੀ ਕੁੱਟਮਾਰ ਅਤੇ ਗਾਲੀ-ਗਲੋਚ ਕਰਦਿਆਂ ਦੀ ਸ਼ੋਸਲ ਮੀਡੀਏ 'ਤੇ ਘੁੰਮ ਰਹੀ ਵੀਡੀਓ ਨੇ ਇਕ ਤਰ੍ਹਾਂ ਨਾਲ ਪੂਰੀ ਖਾਕੀ ਨੂੰ ਹੀ ਬਦਨਾਮ ਕਰਕੇ ਰੱਖ ਦਿੱਤਾ | ਪਰ ਪੁਲਿਸ ਦੀ ਇਹ ਕਾਰਵਾਈ ਖੋਖੇ ਵਾਲੇ ਵਲੋਂ ਆਪਣੇ ਖੋਖੇ ਦੇ ਅੰਦਰ ਲਗਾਏ ਗਏ ਕੈਮਰੇ ਵਿਚ ਕੈਦ ਹੋ ਗਈ | ਜਿਸ ਨੂੰ ਖੰਗਾਲ ਕਰਕੇ ਵਿਚਾਰੇ ਪ੍ਰਵਾਸੀ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸ਼ੁਰੂਆਤ ਤਾਂ ਕਰ ਦਿੱਤੀ ਪਰ ਉਸ ਨੂੰ ਪੁਲਿਸ ਵਲੋਂ ਦਬਾਅ ਦਿੱਤਾ ਗਿਆ | ਸੋਸ਼ਲ ਮੀਡੀਏ 'ਤੇ ਬੜੀ ਤੇਜ਼ੀ ਨਾਲ ਫੈਲ ਰਹੀ ਇਸ ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਜਦੋਂ 30 ਦਸੰਬਰ ਦੀ ਰਾਤ ਕਰੀਬ 9 ਵਜੇ ਪੁਲਿਸ ਦੀ ਗੱਡੀ ਖੋਖੇ ਦੇ ਕੋਲ ਆ ਕੇ ਰੁਕੀ ਅਤੇ ਉਨ੍ਹਾਂ ਨੇ ਆਉਂਦੇ ਸਾਰ ਪਹਿਲਾਂ ਨਾ ਸੁਣਨ ਯੋਗ ਗਾਲੀ-ਗਲੋਚ ਦੀ ਝੜੀ ਲਗਾ ਦਿੱਤੀ | ਫਿਰ ਦੋ ਮੁਲਾਜ਼ਮਾਂ ਨੇ ਪਹਿਲਾਂ ਸਾਮਾਨ ਖ਼ਰੀਦ ਰਹੇ ਵਿਅਕਤੀ ਦੀ ਕਾਫੀ ਛਿੱਤਰ-ਪਰੇਡ ਕੀਤੀ | ਫਿਰ ਖੋਖੇ ਦੇ ਮਾਲਕ ਅਤੇ ਉਸ ਦੇ ਭਾਣਜੇ ਨੂੰ ਖੂਬ ਝੰਬਿਆ | ਪੁਲਿਸ ਵਾਲੇ ਵੀਡੀਓ ਵਿਚ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਤੁਹਾਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਖੋਖਾ ਜਲਦੀ ਬੰਦ ਕਰ ਦਿਉ ਪਰ ਮੌਕੇ 'ਤੇ ਚਸ਼ਮਦੀਦਾਂ ਅਨੁਸਾਰ ਉਸ ਵਕਤ ਸ਼ਰਾਬ ਦੇ ਠੇਕੇ ਸਮੇਤ ਕਈ ਹੋਰ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ | ਇਹ ਪੁਲਿਸ ਵਾਲੇ ਕੌਣ ਸਨ | ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਗੱਡੀ ਥਾਣਾ ਸਿੱਧਵਾਂ ਬੇਟ ਦੀ ਦੱਸੀ ਜਾਂਦੀ ਹੈ | ਇਸ ਵੀਡੀਓ ਨੂੰ ਵੇਖਣ ਵਾਲੇ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹੋਏ ਆਖਿਆ ਕਿ ਨਸ਼ਾ ਵਿਰੋਧੀ ਤੱਤ ਤਾਂ ਦਿਨ-ਦਿਹਾੜੇ ਬਿਨਾਂ ਨੰਬਰੀ ਮੋਟਰਸਾਈਕਲਾਂ 'ਤੇ ਸ਼ਰੇ੍ਹਆਮ ਬਾਜ਼ਾਰ ਵਿਚ ਘੁੰਮਦੇ ਰਹਿੰਦੇ ਹਨ ਉਨ੍ਹਾਂ ਨੂੰ ਤਾਂ ਪੁਲਿਸ ਹੱਥ ਨਹੀਂ ਪਾਉਂਦੀ ਪਰ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਲੇ ਦੁਕਾਨਦਾਰਾਂ ਨਾਲ ਕੀ ਕਰ ਰਹੀ ਹੈ |