ਰਾਏਕੋਟ, 5 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰੂ ਰਾਮਦਾਸ ਨਗਰ ਜਗਰਾਉਂ ਰੋਡ, ਰਾਏਕੋਟ ਦੇ ਮੁਹੱਲਾ ਵਾਸੀਆਂ ਨੂੰ ਮੁਹੱਲੇ ਦੀਆਂ ਖਸਤਾ ਹਾਲਤ ਸੜਕਾਂ ਤੋਂ ਪਿਛਲੇ ਕਈ ਸਾਲਾਂ ਤੋਂ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਰਸਾਤਾਂ ਦੇ ਦਿਨਾਂ ਵਿਚ ਇੰਨ੍ਹਾਂ ਸੜਕਾਂ ਤੋਂ ਲੰਘਣਾ ਮੁਸੀਬਤਾਂ ਨੂੰ ਸੱਦਾ ਦੇਣ ਦੇ ਬਰਾਬਰ ਸੀ | ਮੁਹੱਲਾ ਵਾਸੀਆਂ ਦੀ ਇਸ ਮੁੱਖ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਅੱਜ ਸੜਕ 'ਤੇ ਟੱਕ ਲਗਾ ਕੇ ਸੜਕ ਬਣਾਉਣ ਦੇ ਕਾਰਜ਼ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਦੇ ਲੋਕਾਂ ਨੂੰ ਸੜਕੀ ਸਫ਼ਰ ਦੌਰਾਨ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣ ਦੇ ਮਕਸਦ ਤਹਿਤ ਸੜਕਾਂ ਦਾ ਵੱਡੇ ਪੱਧਰ 'ਤੇ ਸੁਧਾਰ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਸ਼ਹਿਰ ਰਾਏਕੋਟ ਦੇ ਵੱਖ-ਵੱਖ ਵਾਰਡਾਂ ਅਧੀਨ ਪੈਂਦੇ ਮੁਹੱਲਿਆਂ ਗੁਰੂ ਰਾਮਦਾਸ ਨਗਰ, ਜਗਰਾਉਂ ਰੋਡ ਮੁਹੱਲਾ, ਜੌਹਲਾਂ ਰੋਡ, ਗੁਰੂ ਨਾਨਕਪੁਰਾ ਮੁਹੱਲਾ ਅਧੀਨ ਆਉਂਦੀਆਂ ਖਸਤਾ ਹਾਲਤ ਸੜਕਾਂ 'ਤੇ ਪ੍ਰੀਮਿਕਸ ਪਾ ਕੇ ਨਵਾਂ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਲੰਘਣ ਵਿਚ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆ ਸਕੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਠੇਕੇਦਾਰ ਨੇ ਆਖਿਆ ਕਿ ਸ਼ਹਿਰ ਰਾਏਕੋਟ ਸਮੇਤ ਹਲਕੇ ਅੰਦਰ ਅਧੂਰੀਆਂ ਤੇ ਖਸਤਾ ਹਾਲਤ ਸੜਕਾਂ ਦੀ ਵੀ ਜਲਦ ਰਿਪੇਅਰ ਕੀਤੀ ਜਾਵੇਗੀ | ਇਸ ਮੌਕੇ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਤੇ ਐੱਮ.ਈ ਅਵਤਾਰ ਸਿੰਘ ਨੱਤ ਨੇ ਦੱਸਿਆ ਕਿ ਇੰਨ੍ਹਾਂ ਸਮੁੱਚੀਆਂ ਸੜਕਾਂ ਨੂੰ ਬਣਾਉਣ ਲਈ 3 ਕਰੋੜ 22 ਲੱਖ ਰੁਪਏ ਦਾ ਖ਼ਰਚਾ ਆਵੇਗਾ | ਇਸ ਮੌਕੇ ਮੁਹੱਲਾ ਗੁਰੂ ਰਾਮਦਾਸ ਦੇ ਵਸਨੀਕਾਂ ਨੇ ਇਸ ਵਿਕਾਸ ਕਾਰਜ਼ ਦੀ ਆਰੰਭਤਾ ਕਰਵਾਉਣ ਲਈ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ 'ਆਪ' ਦੇ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਛਾਪਾ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ, ਪੀਏ ਕਮਲ ਸਿੰਘ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਪ੍ਰਧਾਨ ਈਸ਼ੂ ਪਾਸੀ, ਅਮਰਜੀਤ ਸਿੰਘ ਗੋਂਦਵਾਲ, ਸੁਖਵੀਰ ਸਿੰਘ ਰਾਏ, ਬਲਜਿੰਦਰ ਸਿੰਘ ਰਿੰਪਾ, ਜਗਰੂਪ ਸਿੰਘ ਧਾਲੀਵਾਲ, ਇਸਤਰੀ ਵਿੰਗ 'ਆਪ' ਦੇ ਜ਼ਿਲ੍ਹਾ ਪ੍ਰਧਾਨ ਰਮਨ ਸੰਧੂ ਗਰੇਵਾਲ, ਬੈਂਕ ਮੈਨੇਜਰ ਮੋਹਣ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਡਾ: ਮੇਘ ਸਿੰਘ ਆਦਿ ਹਾਜ਼ਰ ਸਨ |