ਗੁਰੂਸਰ ਸੁਧਾਰ, 6 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈ ਗਈ ਐਥਲੈਟਿਕ ਮੀਟ ਵਿਚ ਸਥਾਨਕ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਕੁੱਲ 21 ਤਗਮੇ ਹਾਸਲ ਕਰਕੇ ਆਪਣੀ ਕਾਬਲੀਅਤ, ਅਨੁਸ਼ਾਸਨ ਅਤੇ ਖੇਡ-ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੁੜੀਆਂ ਦੀ ਉੱਚੀ ਛਾਲ ਮੁਕਾਬਲੇ ਵਿਚ ਮੁਸਕਾਨ ਨੇ ਸੋਨ ਤਗਮਾ ਜਦਕਿ ਮੁੰਡਿਆਂ ਵਿਚ ਇਸੇ ਮੁਕਾਬਲੇ ਅੰਦਰ ਪ੍ਰਹਿਲਾਦ ਨੇ ਸੋਨ ਤਗਮਾ ਜਿੱਤਿਆ | ਮੁੰਡਿਆਂ ਅਤੇ ਕੁੜੀਆਂ ਦੋਵਾਂ ਦੀਆਂ ਚਾਰ ਸੌ ਮੀਟਰ ਰੀਲੇਅ ਰੇਸ ਟੀਮਾਂ ਨੇ ਸੋਨ ਤਗਮੇ ਹਾਸਲ ਕੀਤੇ | ਅਰਪਨ ਵਾਜਪਈ, ਜਸਪ੍ਰੀਤ, ਅਜੈਪਾਲ ਅਤੇ ਪ੍ਰਹਿਲਾਦ ਵਿਸ਼ਵਾਸ ਨੇ ਵੱਖ-ਵੱਖ ਦੌੜਾਂ ਅਤੇ ਜੈਵਲਿਨ ਥਰੋ ਵਿਚ ਚਾਂਦੀ ਦੇ ਤਗਮੇ ਹਾਸਲ ਜਦਕਿ ਮਨਪ੍ਰੀਤ, ਗੁਰਲੀਨ, ਮੁਸਕਾਨ, ਜਸਲੀਨ ਅਤੇ ਜਸਪ੍ਰੀਤ ਨੇ ਕਾਂਸੀ ਦੇ ਤਗਮੇ ਜਿੱਤਣ ਵਿਚ ਕਾਮਯਾਬੀ ਪ੍ਰਾਪਤ ਕੀਤੀ | ਕਾਲਜ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਸ. ਮਨਜੀਤ ਸਿੰਘ ਗਿੱਲ, ਸਕੱਤਰ ਡਾ. ਐੱਸ.ਐੱਸ. ਥਿੰਦ ਅਤੇ ਪਿ੍ੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਸਾਰੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਪ੍ਰੋ. ਸੁਖਚੈਨ ਸਿੰਘ ਨੂੰ ਉੱਤਮ ਕੋਚਿੰਗ ਲਈ ਅਤੇ ਡਾ: ਜਸਵੀਰ ਕੌਰ ਨੂੰ ਵਿਦਿਆਰਥੀਆਂ ਨਾਲ ਮੁਕਾਬਲਿਆਂ ਦੌਰਾਨ ਸਹਿਯੋਗ ਕਰਨ ਲਈ ਵਧਾਈ ਦਿੱਤੀ | ਡਾ. ਗਰਚਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ | ਪ੍ਰੋ. ਸੁਖਚੈਨ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਇਕੱਲੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਪੂਰੇ ਜੀ.ਐੱਚ.ਜੀ. ਖ਼ਾਲਸਾ ਕਾਲਜ ਪਰਿਵਾਰ ਸਮੇਤ ਸਮੁੱਚੇ ਇਲਾਕੇ ਲਈ ਮਾਣ ਦਾ ਪਲ ਹੈ |