ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਪਿੰਡ ਗੋਂਦਵਾਲ ਨਜ਼ਦੀਕ ਮਹਿੰਦਰਾ ਪਿੱਕਅੱਪ ਗੱਡੀ ਤੇ ਆਲਟੋ ਕਾਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਕਲਸੀਆਂ, ਜੋ ਆਪਣੀ ਆਲਟੋ ਕਾਰ ਪੀ.ਬੀ. 10 ਬੀ.ਟੀ. 0800 ਵਿਚ ਸਵਾਰ ਹੋ ਕੇ ਆਪਣੇ ਪਿਤਾ ਦੀ ਈ.ਸੀ.ਜੀ ਕਰਵਾਉਣ ਲਈ ਬਾਂਸਲ ਹਸਪਤਾਲ ਲਈ ਜਾ ਰਹੇ ਸਨ ਤਾਂ ਜਦ ਉਹ ਮਹਿਕ ਪੈਲੇਸ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਕ ਮਹਿੰਦਰਾ ਪਿੱਕਅੱਪ ਗੱਡੀ ਐੱਚ.ਆਰ. 61 ਈ 2810 ਜਿਸ ਨੂੰ ਸੰਜੇ ਪੁੱਤਰ ਰਘਵੀਰ ਵਾਸੀ ਕੈਥਲ (ਹਰਿਆਣਾ) ਚਲਾ ਰਿਹਾ ਸੀ, ਇਸ ਪਿੱਕਅੱਪ ਗੱਡੀ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਦੋਵਾਂ ਗੱਡੀਆਂ ਦੀ ਸਿੱਧੀ ਟੱਕਰ ਹੋ ਗਈ, ਜਿਸ ਦੌਰਾਨ ਆਲਟੋ ਕਾਰ ਵਿਚ ਸਵਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ, ਜਦਕਿ ਪਿੱਕਅੱਪ ਡਰਾਈਵਰ ਦੇ ਸਾਥੀ ਰਵੀ ਦੇ ਵੀ ਸੱਟਾਂ ਲੱਗੀਆਂ | ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਘਟਨਾ ਸਥਾਨ 'ਤੇ ਪੁੱਜੇ, ਜਿਨ੍ਹਾਂ ਪਿੱਕਅੱਪ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕੀਤੀ | ਦੱਸਣਯੋਗ ਹੈ ਕਿ ਘਟਨਾ ਵਿਚ ਹਾਦਸਾਗ੍ਰਸਤ ਹੋਈ ਮਹਿੰਦਰਾ ਪਿੱਕਅੱਪ ਗੱਡੀ ਰਾਏਕੋਟ ਇਲਾਕੇ ਵਿਚੋਂ ਲੰਘ ਰਹੇ ਨੈਸ਼ਨਲ ਹਾਈਵੇ ਦੇ ਠੇਕੇਦਾਰਾਂ ਨਾਲ ਸਬੰਧਿਤ ਹੈ, ਜਦਕਿ ਇਸ ਹਾਦਸੇ 'ਚ ਅਣਗਹਿਲੀ ਵੀ ਪਿੱਕਅੱਪ ਗੱਡੀ ਚਾਲਕ ਦੀ ਸਾਹਮਣੇ ਆਈ ਹੈ |