ਹਠੂਰ, 25 ਜਨਵਰੀ (ਜਸਵਿੰਦਰ ਸਿੰਘ ਛਿੰਦਾ)-31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਤੋਂ ਦੀਨਾ ਸਾਹਿਬ ਲਈ ਰਵਾਨਾ ਹੋਇਆ | ਜ਼ਿਕਰਯੋਗ ਹੈ ਕਿ ਇਹ ਪੈਦਲ ਮਾਰਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਤੇ ਵੈਰਾਗਮਈ ਪਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦਾ ਸ੍ਰੀ ਅਨੰਦਪੁਰ ਸਾਹਿਬ ਤੋਂ 20-21 ਦਸੰਬਰ ਦੀ ਰਾਤ ਨੂੰ ਆਰੰਭ ਹੋ ਕੇ 15 ਦਿਨਾਂ ਬਾਅਦ ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਪੁੱਜਾ ਸੀ ਅਤੇ ਹੁਣ 21 ਦਿਨਾਂ ਦੇ ਵਿਸ਼ਰਾਮ ਉਪਰੰਤ ਇੱਥੋਂ ਅੱਗੇ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਰਵਾਨਾ ਹੋਇਆ | ਰਾਗੀ ਭਾਈ ਹਰਜਿੰਦਰ ਸਿੰਘ ਰਸੂਲਪੁਰ ਵਾਲੇ ਵੈਰਾਗਮਈ ਕੀਰਤਨ ਦੁਆਰਾ ਗੁਰੂ ਜੀ ਦਾ ਇਤਿਹਾਸ ਵਰਨਣ ਕਰ ਰਹੇ ਸਨ | ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਨੇ ਕਿਹਾ ਕਿ ਇਹ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਚਲਦਾ ਲੱਖਾ, ਚਕਰ, ਰਾਮਾ, ਬਿਲਾਸਪੁਰ ਹੁੰਦੇ ਰਾਤ ਨੂੰ ਸ੍ਰੀ ਤਖ਼ਤੂਪੁਰਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਅਤੇ 26 ਜਨਵਰੀ ਨੂੰ ਉੱਥੋਂ ਰਵਾਨਾ ਹੋ ਕੇ ਧੂਰਕੋਟ, ਨਿਹਾਲ ਸਿੰਘ ਵਾਲਾ ਹੁੰਦਾ ਦੇਰ ਰਾਤ ਗੁਰਦੁਆਰਾ ਪਾਕਾ ਸਾਹਿਬ ਪਿੰਡ ਮਧੇਕੇ ਜਾ ਕੇ ਵਿਸ਼ਰਾਮ ਕਰੇਗਾ | ਇਸੇ ਤਰ੍ਹਾਂ 27 ਜਨਵਰੀ ਨੂੰ ਉੱਥੋਂ ਚੱਲ ਕੇ ਪਿੰਡ ਸੈਦੋਕੇ, ਗਾਜ਼ੀਆਣਾ, ਬੁਰਜ਼ ਹੁੰਦਾ ਦੇਰ ਰਾਤ ਗੁਰਦੁਆਰਾ ਜ਼ਫਰਨਾਮਾ ਸਾਹਿਬ ਪਿੰਡ ਦੀਨਾ ਸਾਹਿਬ ਵਿਖੇ ਪੁੱਜੇਗਾ | ਅਗਲੇ ਦਿਨ 28 ਜਨਵਰੀ ਨੂੰ ਸਾਰੇ ਪਿੰਡ ਦੀ ਪਰਿਕਰਮਾ ਕਰਕੇ ਧਾਰਮਿਕ ਦੀਵਾਨ ਸਜਾਉਣ ਉਪਰੰਤ ਇਸ ਪੈਦਲ ਮਾਰਚ ਦੀ ਸੰਪੂਰਨਤਾ ਹੋਵੇਗਾ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ ਦੇਹੜਕਾ, ਗੁਰਮੀਤ ਸਿੰਘ ਲੱਖਾ ਸੈਕਟਰੀ, ਅਜੈਬ ਸਿੰਘ ਯੂ.ਪੀ., ਜਸਵਿੰਦਰ ਸਿੰਘ ਲਾਡੀ, ਧੰਮੀ ਸਿੰਘ ਖ਼ਾਲਸਾ, ਭਾਈ ਗੁਰਪ੍ਰੀਤ ਸਿੰਘ ਦੇਹੜਕਾ, ਬਲਵੀਰ ਸਿੰਘ ਲੱਖਾ, ਲਖਵੀਰ ਸਿੰਘ ਭੰਮੀਪੁਰਾ, ਹੋਰ ਸੇਵਾਦਾਰ ਹਾਜ਼ਰ ਸਨ |