ਰਾਏਕੋਟ, 25 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਰਾਜਗੜ੍ਹ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਆਏ ਇਕ ਪ੍ਰਵਾਸੀ ਵਿਅਕਤੀ ਦਾ ਭੇਦਭਰੇ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਕਰੀਬ ਇਕ ਹਫ਼ਤਾ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਉਕਤ ਵਿਅਕਤੀ ਦਾ ਕੋਈ ਖੁਰਾ-ਖੋਜ਼ ਨਹੀਂ ਲੱਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਸੀ ਵਿਅਕਤੀ ਦੇ ਰਿਸ਼ਤੇਦਾਰ (ਸਾਲਾ) ਅਰਜਨ ਸ਼ਰਮਾ ਨੇ ਦੱਸਿਆ ਕਿ ਉਸਦਾ ਜੀਜਾ ਰਾਮ ਦੱਤ ਮੋਰੀਆ ਪੁੱਤਰ ਗੰਗਾ ਰਾਮ ਵਾਸੀ ਯੂ.ਪੀ., ਜੋ ਪਿਛਲੇ ਦਿਨੀਂ ਉਨ੍ਹਾਂ ਨੂੰ ਮਿਲਣ ਲਈ ਪਿੰਡ ਰਾਜਗੜ੍ਹ ਵਿਖੇ ਆਇਆ ਸੀ, ਪ੍ਰੰਤੂ 19 ਜਨਵਰੀ 2026 ਦੀ ਸ਼ਾਮ ਸਾਢੇ ਪੰਜ ਵਜੇ ਤੋਂ ਭੇਦਭਰੇ ਹਾਲਾਤ ਵਿਚ ਲਾਪਤਾ ਹੈ | ਉਨ੍ਹਾਂ ਦੱਸਿਆ ਕਿ ਰਾਮ ਦੱਤ ਮੋਰੀਆ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਘਰੋਂ ਚਲਿਆ ਗਿਆ ਸੀ, ਪ੍ਰੰਤੂ ਅੱਜ ਤੱਕ ਕਰੀਬ ਇਕ ਹਫ਼ਤਾ ਬੀਤਣ ਦੇ ਬਾਵਜੂਦ ਵੀ ਉਹ ਘਰ ਵਾਪਿਸ ਨਹੀਂ ਆਇਆ | ਉਪਰੰਤ ਰਾਮ ਦੱਤ ਮੋਰੀਆ ਦੀ ਗੁੰਮਸ਼ੁਦੀ ਸਬੰਧੀ ਉਨ੍ਹਾਂ ਵਲੋਂ ਪੁਲਿਸ ਚੌਂਕੀ ਜਲਾਲਦੀਵਾਲ ਵਿਖੇ ਰਿਪੋਰਟ ਦਰਜ ਕਰਵਾਈ ਗਈ | ਜਦੋਂ ਇਸ ਮਾਮਲੇ ਸਬੰਧੀ ਚੌਂਕੀ ਇੰਚਾਰਜ ਲਖਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਗੁੰਮ ਹੋਏ ਪ੍ਰਵਾਸੀ ਮਜ਼ਦੂਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੁੰਮਸ਼ੁਦੀ ਸਬੰਧੀ ਸੁਰਾਗ ਲਗਾਇਆ ਜਾਵੇਗਾ |