ਬਹੁ-ਕਰੋੜੀ ਲਾਗਤ ਵਾਲੇ ਅਤਿ ਆਧੁਨਿਕ ਬੱਸ ਸਟੈਂਡ ਵਿਚ ਬੱਸਾਂ ਦੀ ਐਂਟਰੀ ਲਾਜ਼ਮੀ ਕੀਤੀ ਜਾਵੇ, ਮੁੱਖ ਚੌਂਕ 'ਚ ਬੱਸਾਂ ਰੋਕ ਕੇ ਸਵਾਰੀਆਂ ਚੁੱਕਣ ਵਾਲੀ ਬੱਸ ਨੂੰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਹੇਠ ਭਾਰੀ ਜ਼ੁਰਮਾਨਾ ਹੋਵੇ | ਮਿੰਨੀ ਬੱਸਾਂ ਨੂੰ ਸ਼ਹਿਰ ਦੀਆਂ ਸਰਵਿਸ ਲੇਨ ਸੜਕਾਂ ਤੋਂ ਹਟਾ ਕੇ ਬੱਸ ਸਟੈਂਡ ਵਿਚ ਰੁਕਣ ਦਾ ਆਦੇਸ਼ ਹੋਵੇ | ਸਰਵਿਸ ਲੇਨ ਸੜਕਾਂ 'ਤੇ ਸਬਜ਼ੀ-ਫਰੂਟ ਫੜ੍ਹੀ ਵਾਲੇ ਨਾਜਾਇਜ਼ ਕਬਜ਼ਾਧਾਰਕਾਂ ਨੂੰ ਨਗਰ ਕੌਂਸਲ ਆਪਣੇ ਦਮ 'ਤੇ ਉਠਾਏ, ਕਿਉਂਕਿ ਇਹ ਕੰਮ ਨਗਰ ਕੌਂਸਲ ਅਧਿਕਾਰੀ ਦਾ ਹੈ, ਨਾ ਕਿ ਪੁਲਿਸ ਦਾ! ਰਾਏਕੋਟ ਰੋਡ ਜਾਂ ਸਰਵਿਸ ਲੇਨ ਹੋਰ ਸੜਕਾਂ 'ਤੇ ਦੁਕਾਨਦਾਰਾਂ ਵਲੋਂ ਦੁਕਾਨਾਂ ਸਾਹਮਣੇ ਨਾਜਾਇਜ਼ ਕਬਜ਼ੇ ਉਠਾ ਕੇ ਸੜਕੀ ਆਵਾਜਾਈ ਲਈ ਰਸਤਾ ਖੋਲਿ੍ਹਆ ਜਾ ਸਕਦਾ | ਮੰਡੀ ਮੁੱਲਾਂਪੁਰ ਮੁੱਖ ਚੌਂਕ ਤੋਂ ਰੇਲਵੇ ਪੁਲ ਤੱਕ ਸੜਕ ਵਿਚਕਾਰ ਰੇਲਿੰਗ (ਵਾੜ) ਵੀ ਸੜਕੀ ਆਵਾਜਾਈ ਨੂੰ ਬਹਾਲ ਰੱਖਣ 'ਚ ਸਹਾਈ ਬਣ ਸਕਦੀ ਹੈ | ਸ਼ਹਿਰ 'ਚ ਨਿੱਤ ਦਿਨ ਲੱਗ ਰਹੇ ਜਾਮ ਲਈ ਜ਼ਿੰਮੇਵਾਰ ਨਗਰ ਕੌਂਸਲ ਅਧਿਕਾਰੀ, ਮਾਰਕੀਟ ਕਮੇਟੀ ਕਰਮਚਾਰੀ, ਐੱਨ.ਐੱਚ.ਏ. ਮੁੱਢਲੇ ਰੂਪ 'ਚ ਜ਼ਿੰਮੇਵਾਰ ਹਨ, ਪਰ ਆਖਰ ਭਾਂਡਾ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਸਿਰ ਭੰਨਿਆ ਜਾਂਦਾ | ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐੱਸ.ਡੀ.ਐੱਮ (ਪੱਛਮੀ), ਡੀ.ਐੱਸ.ਪੀ ਦਾਖਾ ਪੁਲਿਸ ਸਬ ਡਵੀਜਨ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮੁੱਲਾਂਪੁਰ ਦਾਖਾ, ਜਨਰਲ ਮੈਨੇਜਰ ਪੰਜਾਬ ਰੋਡਵੇਜ, ਦਾਖਾ ਮਾਰਕੀਟ ਕਮੇਟੀ ਸੈਕਟਰੀ ਇਨ੍ਹਾਂ ਕੋਲ ਸਮਾਂ ਹੋਵੇ ਤਾਂ ਇਕ ਸਾਂਝੀ ਮੀਟਿੰਗ ਕਰਕੇ ਟ੍ਰੈਫ਼ਿਕ ਬਹਾਲੀ ਲਈ ਕੋਈ ਸਾਰਥਿਕ ਹੱਲ ਨਿਕਲ ਸਕਦਾ |