ਆਲ ਇੰਡੀਆ ਕਿਸਾਨ ਸਭਾ ਦੀ ਏ.ਆਈ.ਕੇ.ਸੀ. ਦੀ 3 ਰੋਜ਼ਾ ਮੀਟਿੰਗ ਗੰਟੂਰ (ਆਂਧਰਾ ਪ੍ਰਦੇਸ਼) ਵਿਖੇ ਅੱਜ ਤੋਂ ਸ਼ੁਰੂ
ਅਜੀਤ ਡੈਸਕ
31-01-2026
ਰਾਏਕੋਟ, 30 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਆਲ ਇੰਡੀਆ ਕਿਸਾਨ ਸਭਾ ਦੀ ਏ.ਆਈ.ਕੇ.ਸੀ. ਦੀ ਮੀਟਿੰਗ ਗੰਟੂਰ (ਆਂਧਰਾ ਪ੍ਰਦੇਸ਼) ਵਿਖੇ ਸ਼ੁਰੂ ਹੋ ਗਈ ਹੈ | ਇਸ ਮੀਟਿੰਗ ਵਿਚ ਪੰਜਾਬ ਸੂਬੇ ਵਲੋਂ ਸਾਥੀ ਮੇਜਰ ਸਿੰਘ ਭਿੱਖੀਵਿੰਡ, ਬਲਜੀਤ ਸਿੰਘ ਗਰੇਵਾਲ, ਧਰਮਪਾਲ ਸਿੰਘ ਸੀਲ੍ਹ ਅਤੇ ਮੇਜਰ ਸਿੰਘ ਪੁੰਨਾਵਾਲ ਹਿੱਸਾ ਲੈ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੀਟਿੱਗ ਵਿਚ ਦੇਸ਼ ਭਰ ਦੇ ਸਾਰੇ ਰਾਜਾਂ ਵਿਚੋਂ ਚੁਣੇ ਹੋਏ ਪ੍ਰਤੀਨਿਧ ਹਿੱਸਾ ਲੈ ਰਹੇ ਹਨ | ਮੀਟਿੰਗ ਵਿਚ ਜਿਣਸਾਂ ਦੇ ਖ਼ਰੀਦ ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਦੀ ਕਰਜ਼ਾ ਮੁਆਫ਼ੀ, ਕਿਰਤੀ ਵਿਰੋਧੀ ਚਾਰ ਲੇਬਰ ਕੋਡ ਵਿਰੁੱਧ, ਬੀਜ ਅਤੇ ਬਿਜਲੀ ਸੋਧ ਬਿੱਲ, ਵੀ.ਬੀ.ਜੀ ਰਾਮ (ਜੀ) ਕਾਨੂੰਨ ਰੱਦ ਕਰਵਾਉਣ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਵਿਦੇਸ਼ੀ ਖੇਤੀ ਜਿਣਸਾਂ ਨੂੰ ਟੈਕਸ ਮੁਕਤ ਕਰਨ, ਖੇਤੀ ਸਬਸਿਡੀਆਂ ਵਿਚ ਕਟੌਤੀ, ਜ਼ਬਰੀ ਜ਼ਮੀਨ ਐਕਵਾਇਰ ਕਰਨ ਸਮੇਤ ਕਿਸਾਨਾਂ ਦੀਆਂ ਦਰਪੇਸ਼ ਮੰਗਾਂ-ਮਸਲਿਆਂ ਸਬੰਧੀ ਦੇਸ਼ਵਿਆਪੀ ਕਿਸਾਨ ਅੰਦੋਲਨ ਦੀ ਰਣਨੀਤੀ 'ਤੇ ਵਿਚਾਰ ਚਰਚਾ ਕਰਕੇ ਫ਼ੈਸਲੇ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਜਥੇਬੰਦੀ ਨਾਲ ਸਬੰਧਿਤ ਜਥੇਬੰਦਕ ਮੁੱਦਿਆਂ 'ਤੇ ਵੀ ਫ਼ੈਸਲੇ ਲਏ ਜਾਣਗੇ | ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ 12 ਫਰਵਰੀ ਦੀ ਹੜਤਾਲ ਦੇ ਸਮਰਥਨ ਵਿਚ ਦੇਸ਼ ਭਰ ਦੇ ਵੱਡੀ ਗਿਣਤੀ ਕਿਸਾਨ ਸੜਕਾਂ 'ਤੇ ਉਤਰ ਕੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ |