ਜਗਰਾਉਂ, 2 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਇਤਿਹਾਸਕ ਪਿੰਡ ਅਖਾੜਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ | ਜਿੰਨ੍ਹਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਬਦ ਗੁਰੂ ਨਾਲ ਜੁੜਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਗੁਰੂ ਰਵਿਦਾਸ ਜੀ ਦੇ ਜੀਵਨ ਫਲਸਫ਼ੇ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ | ਦੀਵਾਨਾਂ ਵਿਚ ਗੁਰੂ ਘਰ ਦੇ ਕੀਰਤਨੀਏ ਗਿਆਨੀ ਗੁਰਦੀਪ ਸਿੰਘ ਟੂਸੇ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ | ਇਸ ਦੌਰਾਨ ਗੁਰਦੁਆਰਾ ਕੈਮਾਂ ਵਾਲੀ ਢਾਬ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਮਹਾਨ ਰਹਿਬਰ ਅਤੇ ਇਨਕਲਾਬੀ ਹੋਏ ਹਨ, ਜਿੰਨ੍ਹਾਂ ਨੇ ਸਮਾਜਿਕ ਕੁਰੀਤੀਆਂ ਦਾ ਵਿਰੋਧ ਕੀਤਾ ਅਤੇ ਊਚ-ਨੀਚ, ਜਾਤ-ਪਾਤ, ਕਰਮਕਾਂਡ, ਪਖੰਡਵਾਦ, ਧਾਰਮਿਕ ਕੱਟੜਤਾ ਆਦਿ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਸਮਾਜ ਵਿਚੋਂ ਸੋਸ਼ਣ, ਛੂਤ-ਛਾਤ, ਪਖੰਡਵਾਦ ਦਾ ਖ਼ਾਤਮਾਂ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਣ ਦਾ ਅਸਲੀ ਮੰਤਵ ਪੂਰਾ ਕਰਨ ਲਈ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਉਚੇਚੇ ਤੌਰ 'ਤੇ ਅਪਨਾਉਣਾ ਚਾਹੀਦਾ ਹੈ | ਇਸ ਮੌਕੇ ਬਲਗੀਤ ਕੌਰ ਸਰਪੰਚ, ਜਸਵੀਰ ਸਿੰਘ ਪ੍ਰਧਾਨ, ਰਛਪਾਲ ਸਿੰਘ ਖ਼ਜ਼ਾਨਚੀ, ਰਵਿੰਦਰ ਸਿੰਘ ਰਾਜਾ, ਪਿ੍ਤਪਾਲ ਸਿੰਘ ਪੰਚ, ਡਿੰਪਲ ਸਿੰਘ, ਜਗਮੇਲ ਸਿੰਘ ਮੇਲੀ, ਬਲਦੇਵ ਸਿੰਘ, ਅੰਮਿ੍ਤਪਾਲ ਸਿੰਘ ਲੋਹਟ ਅਤੇ ਏਕਤਾ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |