ਰਾਏਕੋਟ, 2 ਫਰਵਰੀ (ਸੁਸ਼ੀਲ)-ਸਥਾਨਕ ਸ਼ਹਿਰ ਦੇ ਇਕਲੌਤੇ ਡਾਕ ਘਰ ਵਿਚ ਪਿਛਲੇ ਕਈ ਦਿਨਾਂ ਤੋਂ ਇੰਟਰਨੈੱਟ ਸਰਵਿਸ ਉਪਲੱਬਧ ਨਾ ਹੋਣ ਕਾਰਨ ਖ਼ਪਤਕਾਰਾਂ ਨੂੰ ਭਾਰੀ ਖੱਜ਼ਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੀ ਕਰੀਬ 15 ਤਰੀਕ ਤੋਂ ਸਥਾਨਕ ਸ਼ਹਿਰ ਦੇ ਡਾਕ ਘਰ ਵਿਚ ਇੰਟਰਨੈੱਟ ਦੀ ਸਹੂਲਤ ਨਹੀਂ ਮਿਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੱਸਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕ ਘਰ ਵਿਚ ਕੰਮ ਕਰਵਾਉਣ ਲਈ ਆਏ ਡਾਕ ਘਰ ਦੇ ਏਜੰਟ ਗਗਨ ਜੈਨ, ਰਮੇਸ਼ ਧੀਰ, ਮੋਹਿਤ ਗਿੱਲ, ਪੰਕਜ ਵੋਹਰਾ, ਕੇਵਲ ਸਿੰਘ, ਪ੍ਰੀਤ ਰਾਏਕੋਟੀ ਆਦਿ ਖ਼ਪਤਕਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਡਾਕਖ਼ਾਨੇ ਵਿਚ ਆਪਣੇ ਕੰਮ ਕਰਵਾਉਣ ਲਈ ਚੱਕਰ ਲਗਾ ਰਹੇ ਹਨ, ਪਰ ਡਾਕਖ਼ਾਨੇ ਵਿਚ ਇੰਟਰਨੈਟ ਦੀ ਸਹੂਲਤ ਉਪਲੱਬਧ ਨਾ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਪੈਸੇ ਦਾ ਲੈਣ ਦੇਣ ਨਹੀਂ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਡਾਕ ਸੇਵਾਵਾਂ ਵੀ ਕਾਫ਼ੀ ਪ੍ਰਭਾਵਿਤ ਹੋ ਰਹੀਆਂ ਹਨ | ਜਦ ਸਥਾਨਕ ਡਾਕ ਘਰ ਦੇ ਪੋਸਟ ਮਾਸਟਰ ਲਲਿਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦਾ ਠੀਕਰਾ ਟੈਲੀਕਾਮ ਕੰਪਨੀ 'ਤੇ ਭੰਨਦੇ ਹੋਏ ਕਿਹਾ ਕਿ ਡਾਕਖ਼ਾਨੇ ਵਿਚ ਲੱਗਾ ਰਾਊਟਰ ਪਿਛਲੇ ਕਈ ਦਿਨਾਂ ਤੋਂ ਖਰਾਬ ਹੋ ਚੁੱਕਾ ਹੈ, ਇਸ ਸਬੰਧੀ ਸਬੰਧਿਤ ਟੈਲੀਕਾਮ ਕੰਪਨੀ ਅਤੇ ਡਾਕ ਘਰ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ, ਪਰ ਹੁਣ ਤੱਕ ਟੈਲੀਕਾਮ ਕੰਪਨੀ ਵਲੋਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਹੈ, ਫਿਰ ਵੀ ਵਿਭਾਗ ਵਲੋਂ ਇੰਟਰਨੈਟ ਸੇਵਾ ਸ਼ੁਰੂ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਇਸ ਸਬੰਧੀ ਜਦ ਡਾਕ ਵਿਭਾਗ ਲੁਧਿਆਣਾ ਦੀ ਸਹਾਇਕ ਸੁਪਰਡੈਂਟ ਮੈਡਮ ਰਵਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰਡੈਂਟ ਸਾਹਿਬ ਦੇ ਧਿਆਨ ਵਿਚ ਵੀ ਹੈ, ਛੇਤੀ ਹੀ ਇਹ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ |