ਸਿੱਧਵਾਂ ਬੇਟ, 3 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਪਾਵਰਕਾਮ ਦੇ ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜਨੀਅਰ ਜਗਦੇਵ ਸਿੰਘ ਹਾਂਸ ਨੇ ਆਪਣੀ ਸਾਥੀ ਮੁਲਾਜ਼ਮਾਂ ਵਧੀਕ ਨਿਗਰਾਨ ਇੰਜ. ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ, ਸਹਾਇਕ ਕਾਰਜਕਾਰੀ ਇੰਜ. ਗੁਰਬਿੰਦਰ ਸਿੰਘ ਨੂੰ ਨਾਲ ਲੈ ਕੇ ਇੱਥੋਂ ਕਰੀਬ 6 ਕਿਲੋਮੀਟਰ ਦੂਰ ਪਿੰਡ ਗਿੱਦੜਵਿੰਡੀ ਵਿਖੇ ਬਣ ਰਹੇ 66 ਕੇ.ਵੀ. ਗਰਿੱਡ ਦਾ ਜਾਇਜ਼ਾ ਲਿਆ | ਉਨ੍ਹਾਂ ਇਸ ਮੌਕੇ ਸਭ ਦੇ ਵਿਚਾਰ ਸੁਣਨ ਉਪਰੰਤ ਆਖਿਆ ਕਿ ਇਸ ਗਰਿੱਡ ਨੂੰ ਅਪ੍ਰੈਲ ਮਹੀਨੇ ਵਿਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ | ਉਮੀਦ ਹੈ ਇਹ ਗਰਿੱਡ ਵਿਸਾਖੀ ਨੂੰ ਤਿਆਰ ਹੋ ਜਾਵੇਗਾ | ਉਨ੍ਹਾਂ ਆਖਿਆ ਕਿ ਇਸ ਗਰਿੱਡ ਦੇ ਚਾਲੂ ਹੋਣ ਨਾਲ ਬੇਟ ਇਲਾਕੇ ਦੇ ਕਿਸਾਨਾਂ ਅਤੇ ਘਰੇਲੂ ਖਪਤਕਾਰਾਂ ਨੂੰ ਵੱਡਾ ਫਾਇਦਾ ਪੁੱਜੇਗਾ | ਕਿਸਾਨਾਂ ਦੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਡੀਜ਼ਲ ਬਚ ਜਾਵੇਗਾ | ਉਨ੍ਹਾਂ ਇਸ ਮੌਕੇ ਬਿਜਲੀ ਸਬੰਧੀ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕਰਵਾਇਆ | ਇਸ ਮੌਕੇ ਸਰਪੰਚ ਸੁਖਦੇਵ ਸਿੰਘ ਗਿੱਦੜਵਿੰਡੀ, ਚੇਅਰਮੈਨ ਹਰਜਿੰਦਰ ਸਿੰਘ ਤਿਹਾੜਾ, ਜੇ.ਈ. ਜਗਜੀਵਨ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤੇ ਲੋਕ ਹਾਜ਼ਰ ਸਨ |