11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨਗਰ ਕੌਂਸਲ ਜਗਰਾਉਂ ਦੀ ਹਾਊਸ ਮੀਟਿੰਗ ਛੋਟੀ ਮੋਟੀ ਨੋਕ ਝੋਕ ਤੋਂ ਬਾਅਦ ਸੁੱਖੀ ਸਾਂਦੀ ਸਮਾਪਤ

Ad Position 21
No active advertisement
ਅਜੀਤ ਡੈਸਕ 04-02-2026
ਜਗਰਾਉਂ, 3 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਕੌਂਸਲ ਦੀ ਹੋਈ ਮੀਟਿੰਗ ਛੋਟੀ ਮੋਟੀ ਨੋਕ ਝੋਕ ਤੋਂ ਬਾਅਦ ਪੂਰੇ ਅਮਨ ਅਮਾਨ ਨਾਲ ਸਮਾਪਤ ਹੋਈ | ਮੀਟਿੰਗ ਵਿਚ ਵਿਚਾਰੇ ਗਏ 20 ਮਤਿਆਂ ਵਿਚੋਂ ਜ਼ਿਆਦਾਤਰ ਸਰਬ ਸੰਮਤੀ ਨਾਲ ਪਾਸ ਕੀਤੇ ਗਏ | ਇਸ ਮੀਟਿੰਗ ਦੀ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਸ਼ੁਰੂਆਤ ਕਰਵਾਈ | ਸਭ ਤੋਂ ਪਹਿਲਾਂ ਕੌਂਸਲਰ ਅਨਮੋਲ ਗੁਪਤਾ ਨੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਕੌਂਸਲਰ ਕਮਲਜੀਤ ਕੌਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਦੀ ਮਾਤਾ ਨਿਰਮਲ ਸ਼ਰਮਾ ਅਤੇ ਨਰੇਸ਼ ਘੈਂਟ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੂਰੇ ਹਾਊਸ ਨੇ ਦੋ ਮਿੰਟ ਦਾ ਮੋਨ ਧਾਰਿਆ | ਇਸ ਮੀਟਿੰਗ ਵਿਚ 23 ਮੈਂਬਰਾਂ ਵਿਚੋਂ 17 ਮੈਂਬਰ ਹਾਜ਼ਰ ਹੋਏ ਜਦਕਿ ਇਕ ਦੀ ਮੌਤ ਹੋ ਚੁੱਕੀ ਹੈ | ਮੀਟਿੰਗ ਵਿਚ ਮਤੇ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ | ਮੀਟਿੰਗ ਵਿਚ ਕੌਂਸਲਰ ਰਮੇਸ਼ ਕੁਮਾਰ ਮੇਸ਼ੀ, ਵਿਕਰਮ ਜੱਸੀ, ਜਰਨੈਲ ਸਿੰਘ ਲੋਹਟ, ਹਿਮਾਂਸ਼ੂ ਮਲਿਕ, ਅਮਨ ਕਪੂਰ ਨੇ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਨੂੰ ਬੈਡਮਿੰਟਨ ਕੋਰਟ ਬਣਾਉਣ ਦਾ ਵਿਰੋਧ ਕੀਤਾ | ਉਨ੍ਹਾਂ ਆਖਿਆ ਕਿ ਨਗਰ ਕੌਂਸਲ ਕੋਲ ਬਹੁਤ ਥਾਂਵਾਂ ਹਨ ਬੈਡਮਿੰਟਨ ਕੋਰਟ ਉੱਥੇ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਇਸ ਕਮਿਊਨਟੀ ਹਾਲ ਦੀ ਮੁਰੰਮਤ ਕਰਕੇ ਲੋੜਵੰਦ ਪਰਿਵਾਰਾਂ ਨੂੰ ਸਮਾਗਮ ਕਰਵਾਉਣ ਦੀ ਸਹੂਲਤ ਦੇਣੀ ਚਾਹੀਦੀ ਹੈ | ਇੰਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਰਲ ਕੇ ਸ਼ਹਿਰ ਦਾ ਵਿਕਾਸ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਸਾਡੀਆਂ ਆਪਣੀਆਂ ਗਲਤੀਆਂ ਨਾਲ ਜਗਰਾਉਂ ਸ਼ਹਿਰ ਨਰਕ ਬਣਇਆ ਹੋਇਆ ਹੈ | ਇਥੇ ਸਫ਼ਾਈ ਦਾ ਬੁਰਾ ਹਾਲ ਹੈ | ਬਰਸਾਤੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਹੈ | ਸੀਵਰੇਜ਼ ਹਮੇਸ਼ਾਂ ਬੰਦ ਰਹਿੰਦਾ ਹੈ | ਗੰਦਗੀ ਕਾਰਨ ਸਲੱਮ ਏਰੀਆ ਬਿਮਾਰੀਆਂ ਦਾ ਘਰ ਬਣ ਗਏ ਹਨ | ਉਨ੍ਹਾਂ ਸਟਰੀਟ ਲਾਇਟਾਂ ਦੇ ਹਾਲ 'ਤੇ ਵੀ ਚਿੰਤਾ ਪ੍ਰਗਟਾਈ | ਉਨ੍ਹਾਂ ਸਾਇੰਸ ਕਾਲਜ ਨੇੜੇ ਲਾਏ ਕੂੜੇ ਦੇ ਢੇਰ ਨੂੰ ਚਕਾਉਣ ਅਤੇ ਪੁੱਟੀ ਹੋਈ ਸੜਕ ਦੀ ਮੁਰੰਮਤ ਕਰਨ ਦੀ ਵੀ ਮੰਗ ਕੀਤੀ | ਇਸ ਮੌਕੇ ਜਰਨੈਲ ਸਿੰਘ ਲੋਹਟ ਨੇ ਕਿਹਾ ਕਿ ਜਗਰਾਉਂ ਸ਼ਹਿਰ ਦਾ ਘੇਰਾ ਵੱਧ ਗਿਆ ਹੈ ਪਰ ਸਫ਼ਾਈ ਸੇਵਕਾਂ ਦੀ ਨਫ਼ਰੀ ਵਧਾਉਣ ਦੀ ਥਾਂ ਘਟਾਈ ਜਾ ਰਹੀ ਹੈ | ਉਨ੍ਹਾਂ ਸ਼ਹਿਰ ਅੰਦਰ ਕੂੜੇ ਦੇ ਲੱਗੇ ਢੇਰਾਂ ਵੱਲ ਵੀ ਅਧਿਕਾਰੀਆਂ ਨੂੰ ਨਜ਼ਰ ਮਾਰਨ ਲਈ ਆਖਿਆ | ਉਨ੍ਹਾਂ ਭੱਦਰਕਾਲੀ ਮੰਦਿਰ ਨੇੜੇ ਬਣੀ ਪਾਰਕ ਦੀ ਵੀ ਸਾਰ ਲੈਣ ਲਈ ਆਖਿਆ | ਇਸ ਮੌਕੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਅਤੇ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਸਤੀਸ਼ ਕੁਮਾਰ ਪੱਪੂ ਨੇ ਦੱਸਿਆ ਕਿ ਟਾਊਨ ਸਟਰੀਟ ਵੈਂਡਿੰਗ ਕਮੇਟੀ ਬਣਾਉਣ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ ਜਾਵੇਗੀ | ਇਸ ਕਮੇਟੀ ਵਿਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ | ਇਹ ਕਮੇਟੀ ਸ਼ਹਿਰ ਅੰਦਰ ਹੋਏ ਨਾਜਾਇਜ਼ ਕਬਜ਼ਿਆਂ ਨੂੰ ਸਮਾਪਤ ਕਰੇਗੀ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਰੁਜ਼ਗਾਰ ਕਰ ਰਹੇ ਵੈਂਡਰਾਂ ਲਈ ਕੋਈ ਢੁੱਕਵੀਂ ਥਾਂ ਨਿਰਧਾਰਤ ਕਰੇਗੀ ਤਾਂ ਜੋ ਇਹ ਵੈਂਡਰ ਸਨਮਾਨ ਨਾਲ ਆਪਣਾ ਰੁਜ਼ਗਾਰ ਕਰ ਸਕਣ | ਉਨ੍ਹਾਂ ਕਿਹਾ ਕਿ ਕਮੇਟੀ ਅੰਦਰ ਜੋ ਵੀ ਕੰਮ ਰੁਕੇ ਹੋਏ ਹਨ, ਉਹ ਜਲਦ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ | ਇਸ ਮੌਕੇ ਗੁਰਪ੍ਰੀਤ ਕੌਰ ਤੱਤਲਾ, ਅਮਰਜੀਤ ਸਿੰਘ ਮਾਲਵਾ, ਪਰਮਿੰਦਰ ਕੌਰ, ਅਨੀਤਾ ਸੱਭਰਵਾਲ, ਸੁਧਾ ਰਾਣੀ, ਡਿੰਪਲ ਗੋਇਲ, ਕਵਿਤਾ ਰਾਣੀ, ਪਰਮਿੰਦਰ ਕੌਰ ਕਲਿਆਣ ਆਦਿ ਨੇ ਵੀ ਆਪਣੇ-ਆਪਣੇ ਵਾਰਡ ਦੀ ਸਮੱਸਿਆਵਾਂ ਦੱਸੀਆਂ | ਉਨ੍ਹਾਂ ਨਗਰ ਕੌਂਸਲ ਵਲੋਂ ਖ਼ਰੀਦੀ ਕਰੋੜਾਂ ਦੀ ਮਸ਼ੀਨਰੀ ਨੂੰ ਵਰਤਣ ਲਈ ਆਖਿਆ | ਇਸ ਮੌਕੇ ਅਧਿਕਾਰੀਆਂ ਨੇ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ | ਇਸ ਮੌਕੇ ਅਸ਼ੋਕ ਕੁਮਾਰ, ਨਿਰਮਲਜੀਤ, ਜਸਕਿਰਨ ਕੌਰ, ਸ਼ਿਵ ਕੁਮਾਰ, ਅਸ਼ਵਨੀ ਕੁਮਾਰ, ਹਰੀਸ਼ ਕੁਮਾਰ, ਹਰਦੀਪ ਢੋਲਣ, ਗੁਰਸਿਮਰਨ ਸਿੰਘ ਗੁਰੂ, ਸਤਨਾਮ ਸਿੰਘ, ਦਵਿੰਦਰ ਸਿੰਘ ਗਰਚਾ, ਰਵੀ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੰਬੜਾਂ ਵਿਖੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਅਗਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਵਿਦਿਆਰਥੀਆਂ ਨੂੰ ਸਾਫ਼-ਸਫ਼ਾਈ ਰੱਖਣ ਸੰਬੰਧੀ ਕੀਤਾ ਜਾਗਰੂਕ
Ad Position 24