22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅਕਾਲੀ ਦਲ ਸੱਤ੍ਹਾ 'ਚ ਲਿਆਓ, ਪੰਜਾਬ ਨੂੰ ਖੇਡ ਮੇਲਿਆਂ ਦੀ ਧਰਤੀ ਬਣਾ ਦਿਆਂਗੇ-ਸੁਖਬੀਰ ਸਿੰਘ ਬਾਦਲ

Ad Position 21
No active advertisement
ਅਜੀਤ ਡੈਸਕ 21-02-2026
ਜਗਰਾਉਂ, 20 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਡਾਵਾਂਡੋਲ ਕਰਕੇ ਪੰਜਾਬ ਦੇ ਰਵਾਇਤੀ ਖੇਡ ਮੇਲਿਆਂ ਨੂੰ ਵੱਡੀ ਸੱਟ ਵੱਜੀ ਹੈ | ਇਸ ਕਾਰਨ ਅੱਜ ਪੰਜਾਬ ਦਾ ਖੇਡ ਸੱਭਿਆਚਾਰ ਹਾਸ਼ੀਏ 'ਤੇ ਆ ਗਿਆ ਹੈ | ਇਹ ਪ੍ਰਤੀਕਿਰਿਆ ਨਾਨਕਸਰ (ਜਗਰਾਉਂ) ਵਿਖੇ ਸੂਬਾ ਪੱਧਰੀ ਹਾਰਸ ਸ਼ੋਅ ਦੌਰਾਨ ਜਗਰਾਉਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ ਕੀਤੀ | ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਘੁੱਗ ਵਸਦੇ ਪੰਜਾਬ ਅੰਦਰ ਰਵਾਇਤੀ ਖੇਡ ਮੇਲਿਆਂ ਦੌਰਾਨ ਕਬੱਡੀ ਵਰਗੀਆਂ ਲੋਕ ਖੇਡਾਂ ਦਾ ਬੋਲਬਾਲਾ ਸੀ ਪ੍ਰੰਤੂ ਅੱਜ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਡਾਵਾਂਡੋਲ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਸੂਬੇ ਵਿਚੋਂ ਮਾੜੇ ਤੱਤਾਂ ਦਾ ਪਹਿਲ ਦੇ ਅਧਾਰ 'ਤੇ ਖ਼ਾਤਮਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ, ਕਿਉਂਕਿ ਪੰਜਾਬ ਪ੍ਰਸਤ ਇਕੋ-ਇਕ ਪਾਰਟੀ ਹੈ, ਉਹ ਹੈ ਸ਼੍ਰੋਮਣੀ ਅਕਾਲੀ ਦਲ | ਇਸ ਮੌਕੇ ਸ: ਬਾਦਲ ਨੇ ਐਲਾਨ ਕੀਤਾ ਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਜਿੱਥੇ ਘੋੜਿਆਂ ਦੀਆਂ ਦੌੜਾਂ ਹੋਣਗੀਆਂ, ਉਥੇ ਕੌਮਾਂਤਰੀ ਪੱਧਰ 'ਤੇ ਡਾਗ ਸ਼ੋਅ ਵੀ ਕਰਵਾਏ ਜਾਣਗੇ | ਸ: ਬਾਦਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਸੱਤ੍ਹਾ ਤੋਂ ਪਾਸੇ ਹੋਇਆ ਪੰਜਾਬ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਵੱਡੀ ਤਬਦੀਲੀ ਆਈ ਹੈ | ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਆਖਿਆ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ 'ਚ 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਪੱਧਰ ਦੇ ਪਸ਼ੂ ਮੇਲੇ ਸ਼ੁਰੂ ਕਰਵਾਏ ਅਤੇ ਇੰਨ੍ਹਾਂ ਮੇਲਿਆਂ 'ਚ ਦਿੱਤੇ ਵੱਡੇ-ਵੱਡੇ ਇਨਾਮਾਂ ਨੇ ਪਸ਼ੂ ਧਨ ਨਾਲ ਜੁੜੇ ਲੋਕਾਂ ਨੂੰ ਹੋਰ ਚੰਗੇਰਾ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬੀਆਂ ਅੰਦਰ ਘੋੜ ਸ਼ੌਕੀਨੀ ਕੁੱਟ-ਕੁੱਟ ਭਰੀ ਹੈ ਤੇ ਪੰਜਾਬ 'ਚ ਘੋੜਿਆਂ ਦੇ ਸ਼ੌਕੀਨ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੇ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਘੋੜਿਆਂ ਦੇ ਕਾਰੋਬਾਰ ਦੇ ਵਾਧੇ ਲਈ ਉਚੇਚੇ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵਧੀਆ ਨੁਕਰੇ ਮਾਰਵਾੜੀ ਘੋੜੇ ਹਨ ਤੇ ਇਨ੍ਹਾਂ ਦੀ ਕੀਮਤ ਅੱਜ ਕਰੋੜਾਂ 'ਚ ਲੱਗਦੀ ਹੈ | ਸ: ਬਾਦਲ ਨੇ ਪੰਜਾਬੀਆਂ ਨੂੰ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਅੱਗੇ ਆਉਣ ਆਖਿਆ ਤਾਂ ਜੋ ਪੰਜਾਬ ਨੂੰ ਮੁੜ ਖੇਡ ਮੇਲਿਆਂ ਦੀ ਧਰਤੀ ਬਣਾਇਆ ਜਾ ਸਕੇ | ਇਸ ਮੌਕ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ .ਕਲੇਰ, ਡਾ: ਚੰਦ ਸਿੰਘ ਡੱਲਾ, ਜਸਕਰਨ ਸਿੰਘ ਦਿਓਲ, ਸਰਪੰਚ ਸ਼ਿਵਰਾਜ ਸਿੰਘ, ਬਿੰਦਰ ਸਿੰਘ, ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ, ਗੋਰਾ ਸਿੰਘ, ਜੱਸਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਅਗਲੀ ਖ਼ਬਰ ਦਾਖਾ ਪੁਲਿਸ ਵਲੋਂ ਹੈਰੋਇਨ ਸਣੇ ਵਿਆਕਤੀ ਕਾਬੂ
Ad Position 24