ਜਗਰਾਉਂ, 23 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪ੍ਰਸਿੱਧ ਇਨਕਲਾਬੀ ਲੇਖਕ, ਕਾਲਮ ਨਵੀਸ, ਦੋ ਮਾਸਿਕ ਮੈਗਜ਼ੀਨ ਲਾਲ ਪਰਚਮ ਦੇ ਸੰਪਾਦਕ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸਾਬਕਾ ਆਗੂ ਰਣਜੀਤ ਲਹਿਰਾ ਨੂੰ ਜਨਤਕ ਜਥੇਬੰਦੀਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਸਮੇਂ ਇਕੱਤਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਦਿਲ 'ਚ ਛੇਕ ਦੀ ਗੰਭੀਰ ਬਿਮਾਰੀ ਦੇ ਬਾਵਜੂਦ ਇਨਕਲਾਬੀ ਲਹਿਰ ਦੀ ਉਸਾਰੀ 'ਚ ਨਿਰੰਤਰ ਸਰਗਰਮ ਆਗੂ ਅਤੇ ਜਾਣੇ ਪਛਾਣੇ ਲੇਖਕ ਵਜੋਂ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਾਮਰੇਡ ਰਣਜੀਤ ਲਹਿਰਾ ਦੇ ਵਿਛੋੜੇ ਨਾਲ ਇਨਕਲਾਬੀ ਲਹਿਰ ਨੂੰ ਵੱਡਾ ਸਦਮਾ ਅਤੇ ਘਾਟਾ ਪਿਆ ਹੈ | ਉਨ੍ਹਾਂ ਕਿਹਾ ਕਿ ਆਪਣੇ ਵਿਦਿਆਰਥੀ ਜੀਵਨ ਤੋਂ ਨਿਰੰਤਰ ਲੋਕ ਹਿਤ ਲਈ ਜੂਝਦਿਆਂ ਮੌਤ ਤੋਂ ਬਾਅਦ ਵੀ ਮੈਡੀਕਲ ਖੋਜਾਂ ਲਈ ਉਨ੍ਹਾਂ ਦਾ ਸਰੀਰ ਪਰਿਵਾਰ ਵਲੋਂ ਰਜਿੰਦਰਾ ਹਪਸਤਾਲ ਤੇ ਮੈਡੀਕਲ ਕਾਲਜ ਪਟਿਆਲਾ ਨੂੰ ਅਰਪਿਤ ਕੀਤਾ ਗਿਆ | ਉਨ੍ਹਾਂ ਅੰਤਲੇ ਸਾਲਾਂ 'ਚ ਗੰਭੀਰ ਸਰੀਰਕ ਬਿਮਾਰੀ ਦੇ ਬਾਵਜੂਦ ਪੰਜਾਬੀ ਸਾਹਿਤਕ ਜਗਤ ਨੂੰ ਅੱਠ ਕਿਤਾਬਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲਾ ਵਿੱਤ ਸਕੱਤਰ ਤਰਸੇਮ ਸਿੰਘ ਬੱਸੂਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਭੁਮਾਲ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੇਖਣੀ ਸਾਡੇ ਲਈ ਪ੍ਰੇਰਨਾ ਸਰੋਤ ਹੈ |