ਰਾਏਕੋਟ, 23 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਾਨਕਸਰ ਫੇਰੀ ਅਤੇ ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤੇ ਜਾਣ ਤੋਂ ਬੁਖਲਾਹਟ ਵਿਚ ਆਈ ਪੰਜਾਬ ਸਰਕਾਰ ਵਲੋਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਤੋਂ ਸੁਰੱਖਿਆ ਵਾਪਸ ਲਏ ਜਾਣ ਦੇ ਫ਼ੈਸਲੇ ਦੀ ਚਾਰ-ਚੁਫ਼ੇਰਿਉਂ ਸਖ਼ਤ ਨਿੰਦਿਆਂ ਹੋ ਰਹੀ ਹੈ | ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਗੀ ਝੋਰੜਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਦੀ ਸੁਰੱਖਿਆ ਵਾਪਿਸ ਲਏ ਜਾਣਾ ਬੜਾ ਮੰਦਭਾਗਾ ਫ਼ੈਸਲਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸੂਬੇ ਅੰਦਰ ਆਪਣਾ ਆਧਾਰ ਗੁਆਉਣ ਤੋਂ ਬਾਅਦ ਹੁਣ ਅਜਿਹੇ ਘਟੀਆ ਕੰਮਾਂ 'ਤੇ ਉਤਰ ਆਈ ਹੈ ਅਤੇ ਵਿਸ਼ਵ ਪ੍ਰਸਿੱਧ ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਤੋਂ ਸੁਰੱਖਿਆ ਸਹੂਲਤ ਖੋਹਣੀ ਸਰਾਸਰ ਗਲਤ ਹੈ | ਬੱਗੀ ਝੋਰੜਾਂ ਨੇ ਆਖਿਆ ਕਿ ਜੇਕਰ ਸੰਤ ਬਾਬਾ ਘਾਲਾ ਸਿੰਘ ਜੀ ਦੇ ਜੀਵਨ ਨੂੰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਕੋਈ ਆਂਚ ਆਉਂਦੀ ਹੈ ਤਾਂ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ |