ਬਟਾਲਾ, 23 ਫਰਵਰੀ (ਸਤਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਵੈਲਫ਼ੇਅਰ ਫੋਰਮ ਦੀ ਮਹੀਨਾਵਾਰ ਮੀਟਿੰਗ ਡਾ. ਸੱਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਏ.ਐੱਸ. 1) ਰਿਟਾਇਰਡ ਦੀ ਪ੍ਰਧਾਨਗੀ 'ਚ ਕੀਤੀ ਗਈ, ਜਿਸ ਵਿਚ ਹਾਜ਼ਰ ਬੁੱਧੀਜੀਵੀਆਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਡਾ. ਸੱਤਪਾਲ ਸਿੰਘ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਫੋਰਮ ਵਲੋਂ ਸਮੇਂ-ਸਮੇਂ 'ਤੇ ਸਮਾਜ ਵਿਚਲੇ ਮਸਲਿਆਂ 'ਤੇ ਵਿਚਾਰ ਕਰਦੇ ਹੋਏ ਉੱਚ ਅਧਿਕਾਰੀਆਂ ਕੋਲੋਂ ਇਨ੍ਹਾਂ ਦਾ ਹੱਲ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਾਕੀ ਸਮਾਜ ਸੇਵਾ ਸੁਸਾਇਟੀਆਂ/ਸੰਸਥਾਵਾਂ ਨਾਲ ਮਿਲ ਕੇ ਇਕ ਪਲੇਟਫ਼ਾਰਮ 'ਤੇ ਵਧੀਆ ਢੰਗ ਨਾਲ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਮੌਜ਼ੂਦਾ ਸਮੇਂ 'ਚ ਸ਼ਹਿਰ 'ਚ ਆਵਾਜਾਹੀ ਦੀ ਸਮੱਸਿਆ ਗੰਭੀਰ ਵਿਸ਼ਾ ਹੈ | ਪ੍ਰਸ਼ਾਸਨ ਵਲੋਂ ਚੌਕ-ਸੜਕਾਂ ਭਾਵੇ ਚੌੜੀਆਂ ਹਨ, ਪਰ ਜਨਤਾ ਫਿਰ ਵੀ ਇਸ ਸਮੱਸਿਆ ਨਾਲ ਜੂਝ ਰਹੀ ਹੈ, ਇਸ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਸਮਾਜ ਦਾ ਭਵਿੱਖ ਹਨ | ਇਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ੇ ਰੂਪੀ ਕੋਹੜ ਤੋਂ ਬਚਾਉਣ ਤੇ ਇਸ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਆਉਣ ਵਾਲੇ ਸਮੇਂ ਵਿਚ ਸਕੂਲਾਂ-ਕਾਲਜਾਂ ਵਿਚ ਵਿਸ਼ੇਸ਼ ਲੈਕਚਰ ਕਰਵਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਲਾਮਬੰਦ ਕੀਤਾ ਜਾਵੇਗਾ | ਉਨ੍ਹਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਗੁਰਦਰਸ਼ਨ ਸਿੰਘ ਧਾਮੀ, ਸਰਦੂਲ ਸਿੰਘ ਸੋਢੀ, ਕਸ਼ਮੀਰ ਸਿੰਘ ਛੀਨਾ, ਨਵਤੇਜਪਾਲ ਸਿੰਘ ਪਨੇਸਰ, ਪਿ੍ੰਸੀਪਲ ਨਾਨਕ ਸਿੰਘ, ਅਰਵਿੰਦਰਪਾਲ ਸਿੰਘ ਪਰਮਾਰ, ਰਘਬੀਰ ਸਿੰਘ ਅੋਲਖ, ਰਜਿੰਦਰ ਸਿੰਘ ਡੀ.ਐੱਸ.ਐੱਸ.ਓ., ਗੁਰਪ੍ਰੀਤ ਸਿੰਘ ਪਰਮਾਰ, ਸਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਸੰਘੇੜਾ, ਨਰਿੰਦਰ ਕੌਸ਼ਲ, ਨਰਿੰਦਰ ਸਿੰਘ ਸਿੱਧੂ, ਸੁਰਿੰਦਰ ਕੁਮਾਰ ਬੱਗਾ ਆਦਿ ਹਾਜ਼ਰ ਸਨ |