ਭੂੰਦੜੀ, 24 ਫਰਵਰੀ (ਕੁਲਦੀਪ ਸਿੰਘ ਮਾਨ)-ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਵਿਚ ਦਿਨੋਂ-ਦਿਨ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਰ ਰੋਜ਼ ਲੁੱਟਾਂ-ਖੋਹਾਂ ਅਤੇ ਗੋਲੀਆਂ ਚੱਲਣੀਆਂ ਆਮ ਗੱਲ ਬਣ ਗਈ ਹੈ | ਕਈ ਥਾਵਾਂ 'ਤੇ ਗੈਂਗਸਟਰਾਂ ਵਲੋਂ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ | ਉਨ੍ਹਾਂ ਕਿਹਾ ਕਿ ਨਸ਼ਾ ਇਕ ਅਜਿਹਾ ਰੋਗ ਹੈ ਜੋ ਇਕ ਵਾਰ ਲੱਗ ਜਾਵੇ ਤਾਂ ਛੁਡਾਉਣਾ ਮੁਸ਼ਕਿਲ ਹੋ ਜਾਂਦਾ ਹੈ | ਅੰਤ ਵਿਚ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਾਨੂੰਨ ਵਿਵਸਥਾ ਨੂੰ ਤੁਰੰਤ ਠੀਕ ਕਰਕੇ ਅਤੇ ਨਸ਼ਿਆਂ 'ਤੇ ਕਾਬੂ ਪਾ ਕੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇ |