ਹਠੂਰ, 26 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਮਹਾਂਪੁਰਸ਼ ਸੰਤ ਬਾਬਾ ਨੰਦ ਸਿੰਘ ਜੀ ਤੋਂ ਵਰੋਸਾਇ ਮਹਾਂਪੁਰਸ਼ ਸੱਚਖੰਡਵਾਸੀ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਜਨਮ ਦਿਹਾੜੇ ਅਤੇ ਉਨ੍ਹਾਂ ਤੋਂ ਵਰੋਸਾਏ ਸੱਚਖੰਡਵਾਸੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ ਸਾਲਾਨਾ 26 ਰੋਜ਼ਾ ਮਹਾਨ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | 1 ਮਾਰਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਆਰੰਭ ਹੋ ਰਹੇ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਹਜ਼ੂਰੀ ਸੇਵਾਦਾਰ ਭਾਈ ਗੇਜਾ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਬਿੰਦੀ ਨੇ ਦੱਸਿਆ ਕਿ ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ ਹੇਠ ਗੁਰਦੁਆਰਾ 13 ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ 1 ਮਾਰਚ ਨੂੰ ਸਭ ਤੋਂ ਪਹਿਲਾਂ ਅੰਮਿ੍ਤ ਸੰਚਾਰ ਹੋਵੇਗਾ | ਉਪਰੰਤ ਸੱਚਖੰਡਵਾਸੀ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਭੋਰਾ ਸਾਹਿਬ ਵਿਖੇ ਤੁਕ-ਤੁਕ ਵਾਲੇ ਸੰਪਟ ਸ੍ਰੀ ਅਖੰਡ ਪਾਠ ਆਰੰਭ ਹੋਣਗੇ | ਇਸੇ ਤਰ੍ਹਾਂ 2 ਮਾਰਚ ਨੂੰ ਸੱਚਖੰਡਵਾਸੀ ਮਹਾਂਪੁਰਸ਼ ਸੰਤ ਬਾਬਾ ਨਰਾਇਣ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ | ਇੰਨ੍ਹਾਂ 26 ਰੋਜ਼ਾ ਮਹਾਨ ਸਾਲਾਨਾ ਸਮਾਗਮਾਂ ਦੌਰਾਨ ਸੱਤ ਰੋਜ਼ਾ ਮੁੱਖ ਸਮਾਗਮ 20 ਮਾਰਚ ਤੋਂ 26 ਮਾਰਚ ਤੱਕ ਕਰਵਾਏ ਜਾਣਗੇ | ਜਿਸ ਵਿਚ 20, 21, 22, 23 ਅਤੇ 24 ਮਾਰਚ ਰਾਤ ਨੂੰ ਰੋਜ਼ਾਨਾ ਕੀਰਤਨ ਦਰਬਾਰ ਸਜੇਗਾ | 25 ਮਾਰਚ ਦੀ ਰਾਤ ਨੂੰ ਤੁਕ ਤੁਕ ਵਾਲੇ ਸੰਪਟ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | 26 ਮਾਰਚ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਸਮੁੱਚੇ ਸਮਾਗਮਾਂ ਦੀ ਸਮਾਪਤੀ ਹੋਵੇਗੀ |