ਗੁਰੂਸਰ ਸੁਧਾਰ, 5 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਦੇ ਪਾਲਿਕਾ ਬਾਜ਼ਾਰ ਸਥਿਤ ਸੇਫ਼ ਕੰਸਲਟੈਂਟ ਇੰਮੀਗ੍ਰੇਸ਼ਨ ਐਂਡ ਐਜ਼ੂਕੇਸ਼ਨ ਸਰਵਿਸ ਦੇ ਸੰਚਾਲਕਾਂ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਸੁਧਾਰ ਦੇ ਮੌਜੂਦਾ ਸਹਾਇਕ ਥਾਣੇਦਾਰ ਮਨੋਹਰ ਲਾਲ ਪੁੱਤਰ ਸਵ: ਕਿ੍ਸ਼ਨ ਕੁਮਾਰ ਵਾਸੀ ਬਿਲਾਸਪੁਰ ਜ਼ਿਲ੍ਹਾ ਮੋਗਾ ਨਾਲ 33 ਲੱਖ ਅਤੇ ਮਨਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲਧਾਈਕੇ ਬਾਘਾ ਪੁਰਾਣਾ ਨਾਲ ਸਾਢੇ ਪੰਜ ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਪੁਲਿਸ ਨੇ ਥਾਣਾ ਸੁਧਾਰ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕਰਦਿਆਂ ਕਥਿਤ ਦੋਸ਼ੀਆਂ ਲਖਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਕਾਲਜ ਰੋਡ ਮੁੱਲਾਂਪੁਰ-ਦਾਖਾ ਅਤੇ ਰੀਨਾ ਰਾਣੀ ਪਤਨੀ ਸਵ: ਰਾਕੇਸ਼ ਕੁਮਾਰ ਪੁੱਤਰੀ ਓਮਾ ਸ਼ੰਕਰ ਵਾਸੀ ਆਦਰਸ਼ ਨਗਰ ਨੇੜੇ ਸਿੱਧੂ ਫ਼ਾਰਮ ਹਾਊਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਇਸ ਸਬੰਧੀ ਲਖਵੀਰ ਸਿੰਘ, ਰੀਨਾ ਰਾਣੀ ਤੇ ਮਹੇਸ਼ ਕੁਮਾਰ ਵਰਮਾ ਪੁੱਤਰ ਕਸ਼ਮੀਰੀ ਲਾਲ ਵਾਸੀ ਬੀਰਮਪੁਰ ਗੜਸ਼ੰਕਰ ਜ਼ਿਲ੍ਹਾ ਹਿੁਸ਼ਆਰਪੁਰ ਵਿਰੁੱਧ ਬੀ.ਐੱਨ.ਐੱਸ.ਦੀਆਂ ਧਾਰਾਵਾਂ ਅਤੇ ਇੰਮੀਗ੍ਰੇਸ਼ਨ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਹਨ | ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਮੁਖੀ ਨੂੰ ਦਿੱਤੀ ਦਰਖਾਸਤ ਵਿਚ ਸਹਾਇਕ ਥਾਣੇਦਾਰ ਮਨੋਹਰ ਲਾਲ ਨੇ ਦੱਸਿਆ ਕਿ ਮੇਰੇ ਬੇਟੇ ਚਾਨਣਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਦਾ ਵਰਕ ਪਰਮਿਟ ਦਿਵਾਉਣ ਲਈ ਕਥਿਤ ਦੋਸ਼ੀਆਂ ਨੇ 35 ਲੱਖ ਦੀ ਮੰਗ ਕੀਤੀ ਤੇ ਪੇਸ਼ਗੀ ਵਜੋਂ 5 ਲੱਖ ਨਕਦ ਤੇ ਸਕਿਉਰਟੀ ਚੈੱਕ ਮੈਂ ਦੇ ਦਿੱਤੇ | ਪੰਜ ਮਹੀਨੇ ਬੀਤਣ 'ਤੇ ਆਸਟ੍ਰੇਲੀਆ ਦਾ ਵੀਜ਼ਾ ਨਾ ਆਇਆ ਤਾਂ ਇਨ੍ਹਾਂ ਸਾਨੂੰ ਭਰੋਸੇ ਵਿਚ ਲੈਂਦਿਆਂ ਮੇਰੇ ਲੜਕੇ ਚਾਨਣਪ੍ਰੀਤ ਸਿੰਘ ਦੀ ਪੇਪਰ ਮੈਰਿਜ ਚਮਿੰਡਾ ਨਿਵਾਸੀ ਜਗਜੀਤ ਸਿੰਘ ਦੀ ਪੁੱਤਰੀ ਕਿਰਨਜੀਤ ਕੌਰ ਨਾਲ ਕਰਵਾ ਦਿੱਤੀ ਤੇ ਬੇਟੇ ਨੂੰ ਸਪਾਊਜ਼ ਦੇ ਤੌਰ 'ਤੇ ਇੰਗਲੈਂਡ ਭੇਜਣ ਲਈ ਤੈਅ ਕੀਤੀ ਕੁੱਲ 33 ਲੱਖ ਰੁਪਏ ਜਿਸ ਵਿਚ ਲੜਕੀ ਦੀ ਯੂਨੀਵਰਸਿਟੀ ਫ਼ੀਸ ਵੀ ਸ਼ਾਮਿਲ ਸੀ ਲੈ ਲਏ | 7 ਨਵੰਬਰ 2025 ਨੂੰ ਬੇਟਾ ਚਾਨਣਪ੍ਰੀਤ ਸਿੰਘ ਇੰਗਲੈਂਡ ਪਹੁੰਚ ਗਿਆ ਪ੍ਰੰਤੂ ਕਥਿਤ ਦੋਸ਼ੀਆਂ ਲਖਵੀਰ ਸਿੰਘ, ਰੀਨਾ ਰਾਣੀ ਵਲੋਂ ਕਿਰਨਜੀਤ ਕੌਰ ਦੀ ਯੂਨੀਵਰਸਿਟੀ ਫ਼ੀਸ ਨਾ ਭਰੇ ਜਾਣ 'ਤੇ ਯੂ.ਕੇ.ਅੰਬੈਸੀ ਨੇ 16 ਦਸੰਬਰ 2025 ਨੂੰ ਚਾਨਣਪ੍ਰੀਤ ਸਿੰਘ ਤੇ ਕਿਰਨਜੀਤ ਕੌਰ ਦਾ ਵੀਜ਼ਾ ਰੱਦ ਕਰ ਦਿੱਤਾ | ਮਨੋਹਰ ਲਾਲ ਅਨੁਸਾਰ ਇਸ ਮਾਮਲੇ ਵਿਚ ਲਖਵੀਰ ਸਿੰਘ, ਰੀਨਾ ਰਾਣੀ ਤੇ ਮਹੇਸ਼ ਵਰਮਾ ਨੇ ਉਨ੍ਹਾਂ ਨਾਲ 33 ਲੱਖ ਦੀ ਠੱਗੀ ਮਾਰੀ ਹੈ | ਮਨੋਹਰ ਲਾਲ ਅਨੁਸਾਰ ਇਸ ਮਾਮਲੇ ਵਿਚ ਲੜਕੀ ਕਿਰਨਜੀਤ ਕੌਰ ਦੀ ਮਾਤਾ ਰਾਜਵਿੰਦਰ ਕੌਰ ਦੀ ਭੂਮਿਕਾ ਵੀ ਸ਼ੱਕੀ ਹੈ ਅਤੇ ਕਥਿਤ ਦੋਸ਼ੀਆਂ ਨੇ ਲੜਕੀ ਦੀ ਬੀ.ਬੀ.ਏ. ਡਿਗਰੀ ਵੀ ਵਿਦੇਸ਼ ਭੇਜਣ ਲਈ ਜ਼ਾਅਲੀ ਦਸਤਾਵੇਜ਼ਾਂ ਸਹਾਰੇ ਬਣਾਈ ਹੈ | ਇਸ ਮੁਕੱਦਮੇ 'ਚ ਨਾਮਜ਼ਦ ਮਹੇਸ਼ ਵਰਮਾ ਗੜਸ਼ੰਕਰ ਦੀ ਗਿ੍ਫ਼ਤਾਰੀ ਬਾਕੀ ਹੈ | ਦੂਜੇ ਮਾਮਲੇ ਵਿਚ ਮਨਵਿੰਦਰ ਸਿੰਘ ਵਾਸੀ ਲਧਾਈਕੇ (ਬਾਘਾ ਪੁਰਾਣਾ) ਨੇ ਪੁਲਿਸ ਜ਼ਿਲ੍ਹਾ ਮੁਖੀ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਕਿਰਨਦੀਪ ਕੌਰ ਪੜ੍ਹੇ-ਲਿਖੇ ਹੋਣ ਕਾਰਨ ਵਿਦੇਸ਼ ਜਾਣ ਦੇ ਚਾਹਵਾਨ ਸੀ ਤੇ ਲਖਵੀਰ ਸਿੰਘ, ਰੀਨਾ ਰਾਣੀ ਨੇ ਇੰਗਲੈਂਡ ਦਾ ਵੀਜ਼ਾ, ਵਰਕ ਪਰਮਿਟ ਦਿਵਾਉਣ ਦੇ ਨਾਂਅ 'ਤੇ ਮੇਰੇ ਕੋਲੋਂ 3 ਖ਼ਾਲੀ ਚੈੱਕ ਤੇ ਸਾਢੇ ਛੇ ਲੱਖ ਰੁਪਏ ਲੈ ਲਏ ਪ੍ਰੰਤੂ ਨਾ ਹੀ ਵੀਜ਼ਾ ਆਇਆ ਤੇ ਨਾ ਹੀ ਪੈਸੇ ਮੋੜੇ | ਮਨਵਿੰਦਰ ਸਿੰਘ ਅਨੁਸਾਰ ਕਾਫ਼ੀ ਗੇੜੇ ਮਾਰਨ 'ਤੇ ਇਨ੍ਹਾਂ ਸਿਰਫ਼ ਇਕ ਲੱਖ ਰੁਪਏ ਵਾਪਿਸ ਕੀਤੇ ਤੇ ਬਾਅਦ ਵਿਚ ਸ਼ਰੇ੍ਹਆਮ ਧਮਕੀਆਂ ਤੇ ਡਰਾਉਣ, ਧਮਕਾਉਣ ਲੱਗ ਪਏ |