ਰਾਏਕੋਟ, 6 ਮਾਰਚ (ਸੁਸ਼ੀਲ)-ਪਿੰਡ ਤਾਜਪੁਰ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਿਟਿਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਰੱਦ ਹੋ ਜਾਣ ਕਾਰਨ ਪਿੰਡ ਵਾਸੀਆਂ ਅਤੇ ਸਭਾ ਦੇ ਮੈਂਬਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਵਲੋਂ ਇਸ ਚੋਣ ਵਿਚ ਸਿਆਸੀ ਦਖ਼ਲਅੰਦਾਜ਼ੀ ਦੇ ਗੰਭੀਰ ਸਵਾਲ ਉਠਾਏ ਜਾ ਰਹੇ ਹਨ | ਜਾਣਕਾਰੀ ਅਨੁਸਾਰ ਪਿੰਡ ਤਾਜਪੁਰ ਦੀ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਲਈ ਦੋ ਧੜਿਆਂ ਵਲੋਂ ਆਪਣੇ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਸਨ | ਇਕ ਪਾਸੇ ਸਰਪੰਚ ਬੀਬੀ ਹਰਦੇਵ ਕੌਰ ਦੇ ਪੁੱਤਰ ਬਲਜੀਤ ਸਿੰਘ ਦੀ ਅਗਵਾਈ ਵਾਲਾ ਧੜਾ ਸੀ, ਜਦਕਿ ਦੂਜੇ ਪਾਸੇ ਸੱਤ੍ਹਾਧਾਰੀ ਧਿਰ ਨਾਲ ਸਬੰਧਤ ਉਮੀਦਵਾਰ ਚੋਣ ਮੈਦਾਨ ਵਿਚ ਸਨ | ਜਿੰਨ੍ਹਾਂ ਵਲੋਂ ਬੀਤੇ ਕੱਲ੍ਹ ਆਪਣੇ ਨਾਮਜ਼ਦਗੀ ਪਰਚੇ ਦਾਖ਼ਲ ਕਰ ਦਿੱਤੇ ਗਏ ਸਨ ਅਤੇ ਚੋਣ ਪ੍ਰਕਿਰਿਆ ਤਹਿਤ ਵੋਟਿੰਗ ਦਾ ਸਮਾਂ ਅੱਜ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਤ ਕੀਤਾ ਗਿਆ ਸੀ ਅਤੇ ਇਸ ਸਬੰਧੀ ਪਿੰਡ ਦੇ ਗੁਰਦੁਆਰਿਆਂ ਵਿਚ ਵੀ ਐਲਾਨ ਕਰਵਾਇਆ ਗਿਆ ਸੀ ਤਾਂ ਜੋ ਸਾਰੇ ਮੈਂਬਰ ਸਮੇਂ 'ਤੇ ਵੋਟ ਪਾਉਣ ਲਈ ਪਹੁੰਚ ਸਕਣ | ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਰਿਟਰਨਿੰਗ ਅਫ਼ਸਰ ਸਾਬਰ ਅਲੀ ਅਤੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਸੁਰਿੰਦਰਪਾਲ ਸਿੰਘ ਦੀ ਡਿਊਟੀ ਲਗਾਈ ਗਈ ਸੀ | ਪਰ ਚੋਣ ਦੇ ਦਿਨ ਅੱਜ ਅਚਾਨਕ ਸਹਾਇਕ ਰਿਟਰਨਿੰਗ ਅਫ਼ਸਰ ਸੁਰਿੰਦਰਪਾਲ ਸਿੰਘ ਛੁੱਟੀ 'ਤੇ ਚਲੇ ਗਏ, ਜਦਕਿ ਰਿਟਰਨਿੰਗ ਅਫ਼ਸਰ ਸਾਬਰ ਅਲੀ ਨੇ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਪਹਿਲਾਂ ਤਿੰਨ ਘੰਟਿਆਂ ਦੀ ਛੁੱਟੀ ਲੈ ਲਈ | ਨਿਰਧਾਰਿਤ ਸਮੇਂ ਤੱਕ ਵੀ ਕੋਈ ਅਧਿਕਾਰੀ ਮੌਕੇ 'ਤੇ ਨਾ ਪਹੁੰਚਣ ਕਰਕੇ ਚੋਣ ਪ੍ਰਕਿਰਿਆ ਅੱਗੇ ਨਹੀਂ ਵੱਧ ਸਕੀ ਅਤੇ ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਵਿਚ ਨਿਰਾਸ਼ਾ ਅਤੇ ਗੁੱਸਾ ਦਿਖਾਈ ਦਿੱਤਾ | ਇਸ ਸਥਿਤੀ ਦੌਰਾਨ ਸਰਪੰਚ ਧੜੇ੍ਹ ਵਲੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਏਕੋਟ ਨਿਖਿਲ ਗਰਗ ਨਾਲ ਸੰਪਰਕ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਦੀ ਸਿਹਤ ਠੀਕ ਨਾ ਹੋਣ ਕਰਕੇ ਚੋਣ ਕਰਵਾਉਣਾ ਸੰਭਵ ਨਹੀਂ ਹੋ ਸਕਿਆ ਅਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਮਿਲਣ ਤੋਂ ਬਾਅਦ ਸਰਪੰਚ ਧੜੇ ਦੇ ਸਮਰਥਕਾਂ ਨੇ ਰਾਏਕੋਟ ਸਥਿਤ ਏ.ਆਰ. ਦਫ਼ਤਰ ਦੇ ਬਾਹਰ ਇਕੱਠ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਸਰਪੰਚ ਧੜੇ੍ਹ ਦੇ ਆਗੂ ਬਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸੱਤ੍ਹਾਧਾਰੀ ਧਿਰ ਦੇ ਆਗੂ ਪਿਛਲੇ ਦੋ ਸਾਲਾਂ ਤੋਂ ਚੋਣ ਪ੍ਰਕਿਰਿਆ ਵਿਚ ਦਖ਼ਲ ਦੇ ਰਹੇ ਹਨ | ਉਨ੍ਹਾਂ ਕਿਹਾ ਕਿ 12 ਦਸੰਬਰ 2024 ਨੂੰ ਵੀ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਦਬਾਅ ਬਣਾਇਆ ਗਿਆ ਸੀ | ਉਨ੍ਹਾਂ ਦੇ ਮੁਤਾਬਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹਾਈਕੋਰਟ ਨੇ ਵੀਡੀਓਗ੍ਰਾਫੀ ਨਾਲ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ, ਪਰ ਅਧਿਕਾਰੀਆਂ ਦੀ ਗੈਰਹਾਜ਼ਰੀ ਕਾਰਨ ਚੋਣ ਫਿਰ ਨਹੀਂ ਹੋ ਸਕੀ | ਬਲਜੀਤ ਸਿੰਘ ਜੀਤਾ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਅਤੇ ਇਸ ਮਾਮਲੇ ਨੂੰ ਮੁੜ ਅਦਾਲਤ ਵਿਚ ਲਿਜਾਇਆ ਜਾਵੇਗਾ | ਦੂਜੇ ਪਾਸੇ ਸਹਾਇਕ ਰਜਿਸਟਰਾਰ ਨਿਖਿਲ ਗਰਗ ਨੇ ਕਿਹਾ ਕਿ ਰਿਟਰਨਿੰਗ ਅਫ਼ਸਰ ਵਲੋਂ ਫ਼ੋਨ ਰਾਹੀਂ ਸਿਹਤ ਖਰਾਬ ਹੋਣ ਅਤੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਕਰਕੇ ਚੋਣ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਅਗਲੇ 15 ਦਿਨਾਂ ਵਿਚ ਚੋਣ ਮੁੜ ਕਰਵਾਈ ਜਾਵੇਗੀ | ਇਸ ਦੇ ਬਾਵਜੂਦ ਪਿੰਡ ਵਾਸੀਆਂ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਜਤਾਈ ਅਤੇ ਮੰਗ ਕੀਤੀ ਕਿ ਚੋਣ ਆਉਂਦੇ ਸੋਮਵਾਰ ਨੂੰ ਹੀ ਕਰਵਾਈ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਚੱਲ ਰਹੇ ਇਸ ਵਿਵਾਦ ਦਾ ਅੰਤ ਹੋ ਸਕੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਲਵੰਤ ਸਿੰਘ ਝੱਲੀ, ਜਸਪਾਲ ਸਿੰਘ, ਦਸੌਂਦਾ ਸਿੰਘ ਤਾਜਪੁਰ, ਇੰਦਰਜੀਤ ਸਿੰਘ, ਬਾਬਾ ਗੁਰਜੰਟ ਸਿੰਘ, ਮਨਦੀਪ ਸਿੰਘ, ਰਘਵੀਰ ਸਿੰਘ, ਰਣਜੀਤ ਸਿੰਘ, ਜਗਦੇਵ ਸਿੰਘ ਜੱਗਾ ਤਾਜਪੁਰ, ਨਿੱਕਾ ਸਿੰਘ ਪੰਚ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਡਾਕਟਰ ਭਾਗ ਸਿੰਘ, ਹਰਮੇਲ ਸਿੰਘ, ਮਨਜੀਤ ਸਿੰਘ ਝੱਲੀ, ਪੰਚ ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |