ਚੌਂਕੀਮਾਨ, 6 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਕੁਲਾਰ ਵਿਖੇ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ ਦੇ ਗ੍ਰਹਿ ਵਿਖੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਵਿਚ ਸਾਬਕਾ ਸਰਪੰਚ ਕੁਲਵੰਤ ਸਿੰਘ ਕਲਕੱਤੇ ਕੁਲਾਰ ਵਾਲੇ, ਪੰਚ ਕੁਲਦੀਪ ਸਿੰਘ ਭੰਡਾਲ, ਸੀਨੀਅਰ ਅਕਾਲੀ ਆਗੂ ਜਸਮੇਲ ਸਿੰਘ ਕੁਲਾਰ ਕਲਕੱਤੇ ਵਾਲੇ ਤੇ ਹਰਕੀਰਤ ਸਿੰਘ ਕੁਲਾਰ ਕੈਨੇਡਾ ਵੀ ਹਾਜ਼ਰ ਹੋਏ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸੂਬੇ ਦੇ ਮੌਜੂਦਾ ਹਾਲਾਤ ਗੰਭੀਰ ਹਨ ਤੇ ਆਏ ਦਿਨ ਗੈਂਗਸਟਰ ਕਿਸੇ ਨਾ ਕਿਸੇ ਵਿਅਕਤੀ ਦੇ ਬਿਨਾਂ ਵਜ੍ਹਾ ਗੋਲੀਆਂ ਮਾਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀ ਜਵਾਨੀ, ਕਿਸਾਨੀ ਤੇ ਪਾਣੀਆਂ ਨੂੰ ਬਚਾਉਣ ਲਈ ਪੰਥਕ ਧਿਰਾਂ ਨੂੰ ਇਕ ਮੰਚ 'ਤੇ ਬਿਨਾਂ ਕਿਸੇ ਸਵਾਰਥ ਦੇ ਇਕੱਠੇ ਹੋਣਾ ਪਵੇਗਾ ਤਾਂ ਹੀ ਅਸੀਂ ਪੰਜਾਬ ਨੂੰ ਖੁਸ਼ਹਾਲੀ ਦੇ ਵੱਲ ਲਿਜਾ ਸਕਦੇ ਹਾਂ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ਦੇ ਵਾਸੀਆਂ ਦਾ ਕਰਜ਼ ਮੈਂ ਸਾਰੀ ਉਮਰ ਨਹੀਂ ਲਾਹ ਸਕਦਾ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜ੍ਹੇ ਹਨ ਤੇ ਮੇਰੀ ਪਿੱਠ ਨਹੀਂ ਲੱਗਣ ਦਿੰਦੇ | ਉਨ੍ਹਾਂ ਕਿਹਾ ਕਿ ਜੋ ਵੀ ਅਗਲੀ ਰਣਨੀਤੀ ਹੋਵੇਗੀ ਉਹ ਹਲਕਾ ਦਾਖਾ ਦੇ ਵਾਸੀਆਂ ਨਾਲ ਮੀਟਿੰਗ ਕਰਕੇ ਬਣਾਈ ਜਾਵੇਗੀ | ਵਿਧਾਇਕ ਇਯਾਲੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਬਿਨਾਂ ਕਿਸੇ ਸਵਾਰਥ ਦੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਲਈ ਤੱਤਪਰ ਹਨ ਤੇ ਉਨ੍ਹਾਂ ਨੇ ਇਕ ਵਾਰ ਫਿਰ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣਾ ਹੈ ਜੇਕਰ ਅਸੀਂ ਇਕੱਠੇ ਨਹੀਂ ਹੋਏ ਤਾਂ ਵਿਰੋਧੀ ਤਾਕਤਾਂ ਪੰਜਾਬ 'ਤੇ ਭਾਰੀ ਪੈ ਜਾਣਗੀਆਂ, ਜਿਸ ਨਾਲ ਪੰਜਾਬ ਫਿਰ ਤੋਂ ਕਾਲੇ ਦੌਰ ਵਿਚ ਚਲਿਆ ਜਾਵੇਗਾ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ, ਸਾਬਕਾ ਸਰਪੰਚ ਕੁਲਵੰਤ ਸਿੰਘ ਕਲਕੱਤੇ ਕੁਲਾਰ ਵਾਲੇ, ਪੰਚ ਕੁਲਦੀਪ ਸਿੰਘ ਭੰਡਾਲ ਤੇ ਸੀਨੀਅਰ ਅਕਾਲੀ ਆਗੂ ਜਸਮੇਲ ਸਿੰਘ ਕੁਲਾਰ ਕਲਕੱਤੇ ਵਾਲਿਆਂ ਨੇ ਕਿਹਾ ਕਿ ਉਹ ਵਿਧਾਇਕ ਇਯਾਲੀ ਨਾਲ ਖੜ੍ਹੇ ਹਨ ਤੇ ਜੋ ਵੀ ਫ਼ੈਸਲਾ ਕਰਨਗੇ ਉਸ 'ਤੇ ਪਹਿਰਾ ਦਿੱਤਾ ਜਾਵੇਗਾ | ਇਸ ਮੌਕੇ ਕਮਲਜੀਤ ਸਿੰਘ ਗਰੇਵਾਲ, ਪਰਮਿੰਦਰ ਸਿੰਘ ਹੰਸਰਾ, ਜਤਿੰਦਰ ਸਿੰਘ ਜਿੰਦ ਆਦਿ ਹਾਜ਼ਰ ਸਨ |