ਰਾਏਕੋਟ, 7 ਮਾਰਚ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਪਿੰਡ ਜਲਾਲਦੀਵਾਲ ਨਜ਼ਦੀਕ ਗੋਲ-ਗੱਪਿਆਂ ਵਾਲੀ ਰੇਹsੜੀ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਰਨਾਲਾ ਸਾਈਡ ਤੋਂ ਪੀ.ਬੀ. 37 ਕੇ 8144, ਹੀਰੋ ਹਾਂਡਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਰਿਆਣਾ ਦੇ 2 ਨੌਜਵਾਨ ਰਾਏਕੋਟ ਵੱਲ ਨੂੰ ਆ ਰਹੇ ਸਨ, ਜਦ ਉਹ ਬਾਠ ਹਸਪਤਾਲ ਜਲਾਲਦੀਵਾਲ ਨਜ਼ਦੀਕ ਪੁੱਜੇ ਤਾਂ ਰਾਏਕੋਟ ਸਾਈਡ ਤੋਂ ਗੋਲ-ਗੱਪਿਆਂ ਦੀ ਰੇਹ੍ਹੜੀ ਵਾਲੇ ਮੋਟਰਸਾਈਕਲ ਉੱਪਰ ਸਵਾਰ, ਜਿਸ ਨੂੰ ਬਜਰੰਗੀ ਨਾਮਕ ਵਿਅਕਤੀ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ | ਇਸ ਟੱਕਰ ਦੌਰਾਨ ਦੋਵੇਂ ਵਾਹਨਾਂ ਦੇ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਰਾਏਕੋਟ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਦੇ ਕਰੀਬ ਮੋਟਰਸਾਈਕਲ ਅਤੇ ਗੋਲ-ਗੱਪਿਆਂ ਵਾਲੀ ਰੇਹ੍ਹੜੀ ਵਿਚਕਾਰ ਬਾਠ ਹਸਪਤਾਲ ਸਾਹਮਣੇ ਐਕਸੀਡੈਂਟ ਹੋ ਗਿਆ ਹੈ, ਜਿਸ ਘਟਨਾ ਬਾਰੇ ਪੜਤਾਲ ਜਾਰੀ ਹੈ ਅਤੇ ਦੁਰਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ |