ਜਗਰਾਉਂ, 8 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੀ ਜਗਰਾਉਂ ਵਿਖੇ ਹੋ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਪੰਥਕ ਪਿੰਡ ਕਾਉਂਕੇ ਕਲਾਂ ਵਿਖੇ ਪਾਰਟੀ ਵਰਕਰਾਂ ਵਿਚ ਉਤਸ਼ਾਹ ਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ | ਅੱਜ ਰੈਲੀ ਸਬੰਧੀ ਰੱਖੀ ਬੈਠਕ ਦੌਰਾਨ ਵੱਖ-ਵੱਖ ਵਾਰਡਾਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਤੇ ਨਗਰ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰਕੇ 18 ਦੀ ਰੈਲੀ ਦਾ ਭਰਪੂਰ ਸਮਰਥਨ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਐੱਸ. ਆਰ. ਕਲੇਰ ਨੇ ਲੋਕਾਂ ਵਲੋਂ ਮਿਲ ਰਹੇ ਭਰਵੇਂ ਸਮੱਰਥਨ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਤਹੱਈਆ ਕਰੀ ਬੈਠੇ ਹਨ ਤੇ ਐਲਾਨ ਹੋਣਾਂ ਬਾਕੀ ਹੈ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਆਪਣਾ ਬਿਸਤਰਾ ਗੋਲ ਕਰਕੇ ਭੱਜਣਾ ਪਵੇਗਾ | ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ 18 ਮਾਰਚ ਦੀ 'ਪੰਜਾਬ ਬਚਾਓ' ਰੈਲੀ ਇਤਿਹਾਸਕ ਹੋਵੇਗੀ ਅਤੇ ਜਗਰਾਉਂ ਹਲਕੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਤਸ਼ਾਹ ਨਾਲ ਇਸ ਰੈਲੀ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ ਮੱਖਣ ਸਿੰਘ ਅਤੇ ਮਨੀ ਸਿੰਘ ਨੇ ਐਸ.ਆਰ.ਕਲੇਰ ਦੀ ਅਗਵਾਈ ਹੇਠ ਪਰਿਵਾਰ ਸਮੇਤ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਪਾਰਟੀ 'ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਐੱਸ. ਆਰ. ਕਲੇਰ ਤੇ ਗੁਰਚਰਨ ਸਿੰਘ ਗਰੇਵਾਲ ਨੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਨਵੇਂ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਪੰਚ ਚਰਨਜੀਤ ਕੌਰ, ਮਨਜਿੰਦਰ ਸਿੰਘ ਮਨੀ, ਹਰੀ ਸਿੰਘ ਕਾਉਂਕੇ, ਹਰਜਿੰਦਰ ਸਿੰਘ ਭੋਲਾ, ਜਸਵੀਰ ਸਿੰਘ ਟੋਨੀ, ਅਜੀਤ ਸਿੰਘ ਜੀਤੂ ਤੇ ਜਗਰੂਪ ਸਿੰਘ ਆਦਿ ਹਾਜ਼ਰ ਸਨ |