ਰਾਏਕੋਟ, 9 ਮਾਰਚ (ਸੁਸ਼ੀਲ)-ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਚੋਣ ਗਾਰੰਟੀ ਨੂੰ ਲਾਗੂ ਕਰਨ ਦੇ ਐਲਾਨ 'ਤੇ ਟਿੱਪਣੀ ਕਰਦੇ ਹੋਏ ਕਾਂਗਰਸ ਦੇ ਨੌਜਵਾਨ ਆਗੂ ਕਾਮਿਲ ਅਮਰ ਸਿੰਘ (ਹਲਕਾ ਇੰਚਾਰਜ) ਨੇ ਇਸ ਯੋਜਨਾ ਨੂੰ ਲੈ ਕੇ 'ਆਪ' ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾਂ ਇਸ ਫ਼ੈਸਲੇ ਨੂੰ ਮਹਿਲਾਵਾਂ ਨਾਲ ਇਕ ਕੋਝਾ ਮਜ਼ਾਕ ਅਤੇ ਵੋਟਾਂ ਬਟੋਰਨ ਦਾ ਸਿਆਸੀ ਸਟੰਟ ਕਰਾਰ ਦਿੱਤਾ ਹੈ | ਕਾਮਿਲ ਅਮਰ ਸਿੰਘ ਨੇ ਕਿਹਾ ਕਿ ਇਹ ਗਾਰੰਟੀ ਸਰਕਾਰ ਨੂੰ ਪਹਿਲੇ ਦਿਨ ਤੋਂ ਲਾਗੂ ਕਰਨੀ ਚਾਹੀਦੀ ਸੀ, ਪਰ ਸਰਕਾਰ ਨੇ ਲਗਭਗ ਚਾਰ ਸਾਲ ਦਾ ਸਮਾਂ ਲੰਘਾ ਦਿੱਤਾ | ਉਨ੍ਹਾਂ ਦੋਸ਼ ਲਾਇਆ ਕਿ ਆਉਣ ਵਾਲੀਆਂ ਚੋਣਾਂ ਅਤੇ ਪਾਰਟੀ ਦੇ ਹੇਠਾਂ ਡਿੱਗ ਰਹੇ ਗ੍ਰਾਫ ਨੂੰ ਦੇਖ ਕੇ ਸਰਕਾਰ ਨੂੰ ਹੁਣ ਮਹਿਲਾਵਾਂ ਦੀ ਯਾਦ ਆਈ ਹੈ, ਜੋ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ | ਉਨ੍ਹਾਂ ਪੰਜਾਬ ਸਿਰ ਲਗਾਤਾਰ ਵੱਡੀ ਹੁੰਦੀ ਜਾ ਰਹੀ ਕਰਜ਼ੇ ਦੀ ਪੰਡ ਕਰਜ਼ੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ, ਅਜਿਹੇ ਵਿਚ ਇਸ ਯੋਜਨਾ ਲਈ ਫੰਡ ਕਿੱਥੋਂ ਆਉਣਗੇ? ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਗਾਰੰਟੀ ਦੇ ਕੇ ਸੱਤ੍ਹਾ ਹਾਸਲ ਕੀਤੀ ਸੀ, ਪਰ ਚਾਰ ਸਾਲ ਤੱਕ ਉਨ੍ਹਾਂ ਨੂੰ ਵਿਸਾਰੀ ਰੱਖਿਆ | ਹੁਣ ਜਦੋਂ ਜ਼ਮੀਨੀ ਪੱਧਰ 'ਤੇ ਸਰਕਾਰ ਦੀ ਪਕੜ ਢਿੱਲੀ ਹੋ ਰਹੀ ਹੈ ਤਾਂ ਮੁੜ ਤੋਂ ਲਾਲਚ ਦੇ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |