ਰਾਏਕੋਟ, 11 ਮਾਰਚ (ਬਲਵਿੰਦਰ ਸਿੰਘ ਲਿੱਤਰ)-ਪਿੰਡ ਆਂਡਲੂ ਦੇ ਕਿਸਾਨ ਚੋਰਾਂ ਵਲੋਂ ਮੋਟਰਾਂ 'ਤੇ ਕੀਤੀਆਂ ਜਾਂਦੀਆਂ ਚੋਰੀਆਂ ਤੋਂ ਹੋਏ ਡਾਢੇ ਪ੍ਰੇਸ਼ਾਨ ਹਨ | ਕਿਸਾਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਚੋਰਾਂ ਨੂੰ ਕਾਬੂ ਕਰਨ ਦੀ ਗੁਹਾਰ ਲਗਾਈ ਹੈ | ਇਸ ਮੌਕੇ ਪਿੰਡ ਦੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਅਵਤਾਰ ਸਿੰਘ ਗਰੇਵਾਲ ਦੀ ਮੋਟਰ ਦੇ ਕੋਠੇ ਨੂੰ ਲੱਗਿਆ ਲੋਹੇ ਦਾ ਗੇਟ, ਮਨਦੀਪ ਸਿੰਘ ਗਰੇਵਾਲ ਦੀ ਮੋਟਰ ਤੋਂ 2 ਮੋਟਰ ਸਟਾਟਰ, ਕੁਲਵਿੰਦਰ ਸਿੰਘ ਗਰੇਵਾਲ ਦੀ ਮੋਟਰ ਤੋਂ 2 ਮੋਟਰ ਸਟਾਟਰ ਤੇ 9 ਗਰਿੱਪ, ਪਰਮਿੰਦਰ ਸਿੰਘ ਗਰੇਵਾਲ ਦੀ ਮੋਟਰ ਤੋਂ 1 ਸਟਾਟਰ, ਰਛਪਾਲ ਸਿੰਘ ਭੋਲਾ ਸ਼ਾਹੂਕਾਰ ਦੀ ਮੋਟਰ ਤੋਂ 2 ਸਟਾਟਰ, ਰਣਜੀਤ ਸਿੰਘ ਨੀਟਾ ਦੀ ਮੋਟਰ ਤੋਂ 3 ਸਟਾਟਰ, ਹਰਮੇਲ ਸਿੰਘ ਦਾ ਇਕ ਮੋਟਰ ਸਟਾਟਰ, ਗੁਰਮੇਲ ਸਿੰਘ ਰਾਜਗੜ੍ਹ ਦੀ ਮੋਟਰ ਦਾ ਇਕ ਸਟਾਟਰ, ਬੇਅੰਤ ਸਿੰਘ ਤੁੰਗਾਹੇੜੀ ਦੀ ਮੋਟਰ ਤੋਂ ਇਕ ਮੋਟਰ ਸਟਾਟਰ ਚੋਰਾਂ ਵਲੋਂ ਪਿਛਲੇ ਦਿਨੀਂ ਚੋਰੀ ਕਰ ਲਿਆ ਗਿਆ ਹੈ | ਪੀੜਤ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਚੋਰ ਗਿਰੋਹ ਵਲੋਂ ਪਹਿਲਾਂ ਪਿੰਡ ਦੇ ਕੁਝ ਕਿਸਾਨਾਂ ਦੀਆਂ ਮੋਟਰਾਂ ਤੋਂ 15-16 ਮੋਟਰਾਂ ਤੋਂ ਟ੍ਰਾਂਸਫਾਰਮਰ ਚੋਰੀ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਸ ਚੋਰੀ ਕਾਰਨ ਕਿਸਾਨਾਂ ਦਾ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਡੇ ਪਿੰਡਾਂ 'ਚ ਸਰਗਰਮ ਚੋਰ ਗਿਰੋਹ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਕਿਉਂਕਿ ਕਿਸਾਨਾਂ ਨੂੰ ਆਪਣੀਆਂ ਮੋਟਰਾਂ ਤੋਂ ਸਟਾਟਰ ਵਗੈਰਾ ਖੋਲ੍ਹ ਕੇ ਰੋਜ਼ਾਨਾ ਘਰ ਲਿਜਾਣੇ ਪੈ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪੀੜਤ ਕਿਸਾਨਾਂ ਨੇ ਪਾਵਰਕਾਮ ਤੇ ਮੁੱਖ ਮੰਤਰੀ ਪੰਜਾਬ ਨੂੰ ਗੁਹਾਰ ਲਗਾਈ ਕਿ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਦਿਨ ਵੇਲੇ ਦੇਣ ਦੀ ਬਜਾਏ ਰਾਤ ਸਮੇਂ ਸਪਲਾਈ ਦਿੱਤੀ ਜਾਵੇ ਤਾਂ ਜੋ ਰਾਤ ਸਮੇਂ ਮੋਟਰਾਂ ਉੱਪਰ ਨਿਗਰਾਨੀ ਹੁੰਦੀ ਰਹਿ ਸਕੇ |