ਜਗਰਾਉਂ, 12 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤ ਸਰਕਾਰ ਵਲੋਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਗੈਸ ਪਾਈਪ ਲਾਈਨ ਰਾਹੀਂ ਗੈਸ ਘਰ-ਘਰ ਪਹੁੰਚਾਉਣ ਲਈ ਪਿਛਲੇ ਤਿੰਨ ਸਾਲਾਂ ਤੋਂ ਪ੍ਰਕਿਰਿਆ ਚੱਲ ਰਹੀ ਹੈ | ਇਸੇ ਤਹਿਤ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਹੀ ਇਹ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ | ਜਿਸ ਦਾ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ | ਪ੍ਰਾਈਵੇਟ ਕੰਪਨੀ ਦਾ ਦਾਅਵਾ ਹੈ ਕਿ ਘਰੇਲੂ ਗੈਸ ਸਿਲੰਡਰ ਦੇ ਮੁਕਾਬਲੇ ਇਹ ਗੈਸ ਸਸਤੀ ਅਤੇ ਸੁਰੱਖਿਅਤ ਮਿਲੇਗੀ | ਬੀਤੇ ਕੱਲ੍ਹ ਜਗਰਾਉਂ 'ਚ ਪਾਈ ਗੈਸ ਪਾਈਪਲਾਈਨ ਲੀਕ ਹੋਣ ਨਾਲ ਜਗਰਾਉਂ ਸ਼ਹਿਰ 'ਚ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਲੋਕਾਂ ਦੀ ਸੂਝ-ਬੂਝ ਨਾਲ ਆਸ-ਪਾਸ ਦੇ ਘਰਾਂ 'ਚ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਘਰ ਖਾਲੀ ਕਰ ਦਿੱਤੇ ਗਏ ਤਾਂ ਹੀ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕਿਆ | ਲੋਕਾਂ ਦੇ ਉਪਰਾਲੇ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੀਕ ਹੋਈ ਪਾਈਪ ਲਾਈਨ ਨੂੰ ਬੰਦ ਕਰਕੇ ਵੱਡਾ ਹਾਦਸਾ ਟਲ ਗਿਆ | ਅੱਜ ਇਸ ਵੱਡੇ ਮੁੱਦੇ ਨੂੰ ਜਗਰਾਉਂ ਹਲਕੇ ਦੀ ਨੁਮਾਇੰਦਗੀ ਕਰਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਬੜੀ ਪ੍ਰਮੁੱਖਤਾ ਨਾਲ ਵਿਧਾਨ ਸਭਾ 'ਚ ਉਠਾਇਆ | ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਜਗਰਾਉਂ ਵਿਚ ਥਿੰਕ ਗੈਸ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਲਿਮਟਿਡ ਵਲੋਂ ਪਾਈ ਗਈ ਗੈਸ ਪਾਈਪਲਾਈਨ ਵਿਚ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਲੀਕੇਜ਼ ਵੱਡੇ ਪੱਧਰ 'ਤੇ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਲਗਭਗ 70-80 ਕਿਲੋਮੀਟਰ ਤੱਕ ਪੈ ਸਕਦਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਜਾਨ-ਮਾਲ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ | ਇਸ ਕਾਰਨ ਜਗਰਾਉਂ ਅਤੇ ਨੇੜਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਵਿਚ ਚਿੰਤਾ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜੇਕਰ ਗੈਸ ਪਾਈਪਲਾਈਨ ਵਿਚ ਕਿਸੇ ਵੀ ਤਰ੍ਹਾਂ ਦੀ ਲੀਕ ਹੁੰਦੀ ਹੈ ਤਾਂ ਲੋਕਾਂ ਦੀ ਸੁਰੱਖਿਆ ਲਈ ਕੀ ਪ੍ਰਬੰਧ ਕੀਤੇ ਗਏ ਹਨ ਅਤੇ ਕਿਸ ਵਿਭਾਗ ਦੀ ਇਸ ਲਈ ਜ਼ਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ | ਉਨ੍ਹਾਂ ਇਹ ਵੀ ਪੁੱਛਿਆ ਗਿਆ ਹੈ ਕਿ ਕਿਸੇ ਐਮਰਜੈਂਸੀ ਹਾਲਤ ਵਿਚ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਲਿਜਾਣ ਅਤੇ ਐਮਰਜੈਂਸੀ ਸਥਿਤੀ ਨੂੰ ਸੰਭਾਲਣ ਲਈ ਕੀ ਯੋਜਨਾ ਤਿਆਰ ਕੀਤੀ ਗਈ ਹੈ | ਇਸ ਮਾਮਲੇ ਵਿਚ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਜਗਰਾਉਂ ਵਿਚ ਪਾਈ ਗਈ ਗੈਸ ਪਾਈਪਲਾਈਨ ਦੀ ਉੱਚ ਪੱਧਰੀ ਟੈਕਨੀਕਲ ਜਾਂਚ ਤੁਰੰਤ ਕਰਵਾਈ ਜਾਵੇ | ਜਿੱਥੇ ਵੀ ਲੀਕ ਹੋਣ ਦੀ ਸੰਭਾਵਨਾ ਹੈ, ਉੱਥੇ ਤੁਰੰਤ ਮੁਰੰਮਤ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ | ਨਾਲ ਹੀ ਕੰਪਨੀ ਨੂੰ ਸਖ਼ਤ ਨਿਰਦੇਸ਼ ਜਾਰੀ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਹਾਦਸੇ ਦੀ ਸਥਿਤੀ ਵਿਚ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ | ਵਿਧਾਇਕਾ ਬੀਬੀ ਮਾਣੂੰਕੇ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਨਿਯਮਿਤ ਮਾਨੀਟਰਿੰਗ, ਸੇਫ਼ਟੀ ਆਡਿਟ ਅਤੇ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਖਤਰਿਆਂ ਤੋਂ ਬਚਿਆ ਜਾ ਸਕੇ |
ਜਗਰਾਉਂ 'ਚ ਗੈਸ ਪਾਈਪ ਲਾਈਨ ਲੀਕ ਹੋਣ ਦਾ ਮਾਮਲਾ <br> ਵਿਧਾਇਕਾ ਬੀਬੀ ਮਾਣੂੰਕੇ ਨੇ ਵਿਧਾਨ ਸਭਾ 'ਚ ਉਠਾਇਆ
ਅਜੀਤ ਡੈਸਕ
13-03-2026