ਗੁਰੂਸਰ ਸੁਧਾਰ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਅਮਰੀਕਾ, ਇਜ਼ਰਾਈਲ ਤੇ ਈਰਾਨ ਦਰਮਿਆਨ ਜਾਰੀ ਜੰਗ ਦੇ ਕਾਰਨ ਘਰੇਲੂ ਗੈਸ ਦੀ ਸਪਲਾਈ ਬੇਹੱਦ ਪ੍ਰਭਾਵਿਤ ਹੋਣ ਲੱਗੀ ਹੈ ਤੇ ਇੰਨ੍ਹਾਂ ਹਾਲਾਤਾਂ ਦੇ ਚੱਲਦਿਆਂ ਗੁਰੂਸਰ ਸੁਧਾਰ ਦੀ ਇੰਡੇਨ ਗੈਸ ਏਜੰਸੀ ਚੋਪੜਾ ਗੈਸ ਸਰਵਿਸ ਦੇ ਮੁੱਖ ਦਫ਼ਤਰ ਵਿਖੇ ਗੈਸ ਦੀ ਪ੍ਰਾਪਤੀ ਲਈ ਤੇ ਆਨਲਾਈਨ ਬੁਕਿੰਗ ਕਰਵਾਉਣ ਲਈ ਲੋਕਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰਤ ਮੋਬਾਈਲ ਫ਼ੋਨ ਨੰਬਰ 'ਤੇ ਜਿਥੇ ਲਗਭਗ ਸਾਰੇ ਹੀ ਖਪਤਕਾਰਾਂ ਵਲੋਂ ਬੁਕਿੰਗ ਨਾ ਹੋਣ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ ਉਥੇ ਕਈ ਦਿਨ ਪਹਿਲਾਂ ਬੁੱਕ ਕਰਵਾ ਚੁੱਕੇ ਖਪਤਕਾਰਾਂ ਨੂੰ ਸਿਲੰਡਰ ਦੀ ਪ੍ਰਾਪਤੀ ਲਈ ਵੀ ਹਫ਼ਤਾ ਭਰ ਉਡੀਕ ਕਰਨੀ ਪੈ ਰਹੀ ਜਦਕਿ ਬੁਕਿੰਗ ਵਾਲਾ ਇਹੀ ਸਿਲੰਡਰ ਉਸੇ ਦਿਨ ਜਾਂ ਅਗਲੇ ਦਿਨ ਸਬੰਧਤ ਗੈਸ ਏਜੰਸੀ ਵਲੋਂ ਭੇਜ ਦਿੱਤਾ ਜਾਂਦਾ ਸੀ | ਆਨਲਾਈਨ ਬੁਕਿੰਗ ਨਾ ਹੋਣ ਕਾਰਨ ਖ਼ਪਤਕਾਰ ਆਪਣੀਆਂ ਗੈਸ ਕਾਪੀਆਂ ਹੱਥਾਂ ਵਿਚ ਲੈ ਕੇ ਦਫ਼ਤਰਾਂ ਵਿਚ ਬੁਕਿੰਗ ਕਰਵਾਉਣ ਲਈ ਕਾਹਲੇ ਦਿਖ ਰਹੇ ਹਨ ਤੇ ਹਫੜਾ ਦਫੜੀ ਭਰੇ ਇਸ ਮਾਹੌਲ ਤੇ ਅਗਲੇ ਦਿਨਾਂ ਵਿਚ ਤੇਲ, ਗੈਸ ਦੀ ਸਪਲਾਈ ਬੰਦ ਹੋਣ ਦੀਆਂ ਚਰਚਾਵਾਂ, ਅਫਵਾਹਾਂ ਦਰਮਿਆਨ ਲੋਕਾਂ ਅੰਦਰ ਗੈਸ ਸਿਲੰਡਰ ਦੀ ਪ੍ਰਾਪਤੀ ਲਈ ਦੌੜ ਲੱਗੀ ਦਿਖ ਰਹੀ ਹੈ |