'ਆਪ' ਸਰਕਾਰ ਨੇ 4 ਸਾਲਾਂ ਦੇ ਰਾਜਭਾਗ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿਖਾਇਆ
ਅਜੀਤ ਡੈਸਕ
28-03-2026
ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ-ਦੀਦਾਰੇ ਕਰਵਾਉਣ ਦੇ ਮਕਸਦ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੀ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਅੱਜ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਿੰਡ ਚੱਕ ਭਾਈਕਾ ਤੋਂ ਸੰਗਤਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਆਖਿਆ ਕਿ ਪੰਜਾਬ ਗੁਰੂਆਂ-ਪੀਰਾਂ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਹੈ, ਜਿੱਥੇ ਸਭ ਧਰਮਾਂ ਦੇ ਧਾਰਮਿਕ ਅਸਥਾਨ ਸੁਸ਼ੋਭਿਤ ਹਨ |
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ ਅਨੁਸਾਰ ਸੂਬਾ ਵਾਸੀਆਂ ਨੂੰ ਹਰ ਇਕ ਧਾਰਮਿਕ ਅਸਥਾਨਾਂ ਦੇ ਦਰਸ਼ਨ-ਦੀਦਾਰੇ ਬਿਲਕੁੱਲ ਮੁਫ਼ਤ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਲੜੀਵਾਰ ਹਰੇਕ ਪਿੰਡ ਤੋਂ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਸੰਗਤਾਂ ਪਵਿੱਤਰ ਅਸਥਾਨਾਂ 'ਤੇ ਨਤਮਸਤਕ ਹੋ ਸਕਣ | ਇਸ ਮੌਕੇ ਪਿੰਡ ਚੱਕ ਭਾਈਕਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ | ਉਨ੍ਹਾਂ ਆਖਿਆ ਕਿ 'ਆਪ' ਸਰਕਾਰ ਨੇ 4 ਸਾਲਾਂ ਦੇ ਰਾਜਭਾਗ ਦੌਰਾਨ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕਰ ਦਿਖਾਇਆ ਹੈ | ਜਿਸ ਕਰਕੇ ਸੂਬੇ ਦੇ ਸਮੁੱਚੇ ਵਰਗ 'ਆਪ' ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਬਾਗੋ-ਬਾਗ ਹਨ |
ਇਸ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੂਬੇ ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਣਾ ਚਾਹੁੰਦੇ ਹਨ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਗੁਰਪ੍ਰੀਤ ਸਿੰਘ ਚੱਕ ਭਾਈਕਾ, ਰਾਜਦੀਪ ਸਿੰਘ ਆਂਡਲੂ ਕੋਆਰਡੀਨੇਟਰ ਤੀਰਥ ਯਾਤਰਾ ਯੋਜਨਾ, ਬਲਾਕ ਪ੍ਰਧਾਨ ਮਨਸਾ ਖਾਂ ਨੱਥੋਵਾਲ, ਯੂਥ ਵਿੰਗ ਪ੍ਰਧਾਨ ਕੁਲਵਿੰਦਰ ਸਿੰਘ, ਠੇਕੇਦਾਰ ਜਗਸੀਰ ਸਿੰਘ, ਬਲਵਿੰਦਰ ਸਿੰਘ, ਸੈਕਟਰੀ ਪਰਮਜੀਤ ਸਿੰਘ, ਕੇਵਲ ਸਿੰਘ, ਹਰਦੀਪ ਸਿੰਘ, ਜੱਸ ਸਿੰਘ ਹਲਵਾਰਾ, ਰਵੀ ਸਿੰਘ, ਗੁਰਚਰਨ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ |