ਲੋਹਟਬੱਦੀ, 6 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਅੱਜ ਪੰਜਾਬ ਦੀ 'ਆਪ' ਸਰਕਾਰ ਮੁਖੀ ਮੰਤਰੀ ਭਗਵੰਤ ਮਾਨ ਆਪਣੇ ਰਾਜ ਦੇ 4 ਸਾਲਾਂ ਦਰਮਿਆਨ ਕੀਤੇ ਕੰਮਾਂ ਦਾ ਜ਼ਮੀਨੀ ਪੱਧਰ 'ਤੇ ਪ੍ਰਚਾਰ ਕਰਨ ਲਈ ਜੋ ਰੈਲੀਆਂ ਕਰ ਰਹੇ ਹਨ | ਉਨ੍ਹਾਂ ਦੇ ਖ਼ਰਚੇ ਦਾ ਸਾਰਾ ਬੋਝ ਸਰਕਾਰੀ ਖ਼ਜ਼ਾਨੇ 'ਤੇ ਪਾ ਕੇ ਪੰਜਾਬ ਨੂੰ ਆਰਥਿਕ ਤੌਰ 'ਤੇ ਹੋਰ ਲੰਗੜਾ ਕੀਤਾ ਜਾ ਰਿਹਾ ਹੈ | ਭਾਵੇਂ ਸਰਕਾਰ ਕੁਝ ਵੀ ਆਖੀ ਜਾਵੇ, ਪ੍ਰੰਤੂ 'ਆਪ' ਸਰਕਾਰ ਦੀਆਂ ਸੋਸ਼ੇਬਾਜੀਆਂ ਮੁੱਖ ਮੰਤਰੀ ਦੇ ਚੁਟਕਲਿਆਂ, ਦੂਜੇ ਰਾਜਸੀ ਆਗੂਆਂ ਨੂੰ ਨੀਵਾਂ ਦਿਖਾਉਣ ਲਈ ਕੀਤੀ ਜਾ ਰਹੀ ਘਟੀਆ ਬਿਆਨਬਾਜ਼ੀ ਤੋਂ ਅੱਕੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਮੁੜ ਰਾਹ ਤੱਕਣ ਲੱਗੇ ਹਨ, ਜਿਸ ਦਾ ਮੁੱਖ ਕਾਰਨ ਹੈ ਕਿ ਅਕਾਲੀ ਸਰਕਾਰ ਨੇ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਜੋ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਸਨ | ਉਨ੍ਹਾਂ ਨੂੰ ਪ੍ਰਚਾਰਿਆ ਨਹੀਂ ਜਦਕਿ ਆਮ ਆਦਮੀ ਪਾਰਟੀ ਫੋਕਾ ਹੀ ਢੰਡੋਰਾ ਪਿੱਟ ਕੇ ਫੋਕੀ ਸਾਬਾਸ ਲੈ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਸੀਨੀਅਰ ਆਗੂ ਗੁਰਸ਼ਰਨ ਸਿੰਘ ਗਰੇਵਾਲ/ਬੜੂੰਦੀ, ਬਲਕਾਰ ਸਿੰਘ ਜਰਮਨ ਪ੍ਰਧਾਨ ਸਹਿਕਾਰੀ ਸਭਾ ਅਤੇ ਹਲਕਾ ਦਾਖਾ ਤੋਂ ਸੁਰਿੰਦਰ ਸਿੰਘ ਸਿੰਦਾ ਸਰਕਲ ਪ੍ਰਧਾਨ ਲਤਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਮੰਚਾਂ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਪ੍ਰਤੀ ਗੈਰ-ਜਿੰਮੇਵਾਰਾਨਾ ਬਿਆਨਬਾਜ਼ੀ ਕਰ ਰਹੇ ਹਨ | ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਗਵੰਤ ਮਾਨ ਸਰਕਾਰੀ ਪੁਸ਼ਤ ਪਨਾਹੀ/ਸੁਰੱਖਿਆ ਛੱਤਰੀ ਹੇਠ ਸਿਆਸੀ ਮਰਿਯਾਦਾ ਹੀ ਨਹੀਂ ਭੁੱਲੇ, ਸਗੋਂ ਉਨ੍ਹਾਂ ਨੂੰ ਸੁਖਬੀਰ ਫੋਬੀਆ ਹੋ ਗਿਆ ਜਾਪਦਾ ਹੈ | ਜਿਸ ਤਰੀਕੇ ਨਾਲ ਮੁੱਖ ਮੰਤਰੀ ਸਿਰਫ਼ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਪਾਣੀ ਪੀ-ਪੀ ਕੇ ਕੋਸ ਰਹੇ ਹਨ, ਇਸ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਨੂੰ ਉਸ ਦੀਆਂ ਹੀ ਏਜੰਸ਼ੀਆਂ, ਸਰਵੇਖਣਕਾਰਾਂ, ਸਰਕਾਰੀ ਆਲੋਚਕਾਂ ਨੇ ਦੱਸ ਦਿੱਤਾ ਹੋਵੇਗਾ ਕਿ ਪੰਜਾਬ 'ਚ ਅਗਲੀ ਸਰਕਾਰ ਲੋਕਾਂ ਦੀ ਨੁਮਾਇੰਦਾ ਜਮਾਤ ਅਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਆਉਣੀ ਹੈ |