ਜਗਰਾਉਂ, 6 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਗਰਾਉਂ ਵਿਖੇ ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਡਾਇਟ ਜਗਰਾਉਂ ਵਿਖੇ ਸਹਾਇਕ ਵੰਡ ਪ੍ਰੋਗਰਾਮ ਵਿਦੇਸ਼ 'ਚੋਂ ਆਏ ਟਰੱਸਟ ਦੇ ਸਰਪ੍ਰਸਤ ਸੁਖਦੇਵ ਰਾਜ ਸਵੀਡਨ ਦੀ ਪ੍ਰਧਾਨਗੀ 'ਚ ਕਰਵਾਇਆ ਗਿਆ | ਇਸ ਮੌਕੇ ਸ੍ਰੀਮਤੀ ਸੁਮਨ ਦੇਵੀ ਅਤੇ ਸ੍ਰੀਮਤੀ ਜਯੋਤੀ ਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ, ਜੋ ਬੀਤੇ ਸਾਲ ਵਿਛੋੜਾ ਦੇ ਗਏ ਸਨ | ਜਗਰਾਉਂ ਦੇ ਨਾਲ-ਨਾਲ ਹੋਰ ਬਲਾਕਾਂ ਦੇ ਸਰਕਾਰੀ ਸਕੂਲਾਂ ਨੂੰ ਵੀ ਇਸ ਸਾਲ ਸਹਾਇਤਾ ਲਈ ਸ਼ਾਮਿਲ ਕੀਤਾ ਗਿਆ | ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਜ਼ ਫਰੰਟ ਦੇ ਪ੍ਰਧਾਨ ਅਸ਼ੋਕ ਭੰਡਾਰੀ ਨੇ ਮਾਤਾ ਪਾਰਵਤੀ ਦੇਵੀ ਟਰੱਸਟ ਬਾਰੇ ਹਾਜ਼ਰ ਅਧਿਆਪਕਾਂ ਅੱਗੇ ਮੌਜੂਦਾ ਸਮੇਂ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਅਧਿਆਪਕ ਜਸਵਿੰਦਰ ਸਿੰਘ ਅਤੇ ਮੈਡਮ ਸਤਵੰਤ ਕੌਰ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨਿ੍ਹਆ | ਇਸ ਮੌਕੇ ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਮਾ. ਮਲਕੀਤ ਸਿੰਘ, ਪ੍ਰਤਾਪ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਗਰੀਬ ਵਰਗ ਦੇ ਬੱਚਿਆਂ ਦੀਆਂ ਆਰਥਿਕ ਸਮੱਸਿਆਵਾਂ ਦਾ ਜਿਕਰ ਕਰਦਿਆਂ ਟਰੱਸਟ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਡੀ.ਟੀ.ਐਫ. ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਮਾਤਾ ਪਾਰਵਤੀ ਦੇਵੀ ਟਰੱਸਟ ਦੇ ਮੈਂਬਰਾਂ ਦੀ ਜ਼ਿੰਦਗੀ ਸਬੰਧੀ ਅਧਿਆਪਕਾਂ ਨੂੰ ਦੱਸਿਆ ਕਿ ਇਹ ਪਰਿਵਾਰ ਸਮਾਜ ਦੀ ਸੇਵਾ ਲਈ ਸਮਰਪਿਤ ਪਰਿਵਾਰ ਹੈ | ਟਰੱਸਟ ਬੁਲਾਰੇ ਜੋਗਿੰਦਰ ਆਜ਼ਾਦ ਨੇ ਇਸ ਪ੍ਰੋਗਰਾਮ ਵਿੱਚ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਲੱਗਭਗ ਤਿੰਨ ਲੱਖ ਦੀਆਂ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਜਾ ਰਹੀ ਹੈ | ਹੜ੍ਹਾਂ ਦੇ ਸ਼ਿਕਾਰ ਇਲਾਕੇ ਦੇ ਸਕੂਲਾਂ 'ਚ ਵੀ ਬੀਤੇ ਸਾਲ ਇਕ ਲੱਖ ਦੀ ਸਹਾਇਤਾ ਸਮੱਗਰੀ ਵੰਡੀ ਗਈ ਸੀ | ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਸਟੇਜ਼ ਸਕੱਤਰ ਵਜੋਂ ਜਿੰਮੇਵਾਰੀ ਬਾਖੂਬੀ ਨਿਭਾਈ | ਟਰੱਸਟ ਦੇ ਪ੍ਰਧਾਨ ਬਲਦੇਵ ਰਾਜ ਅਤੇ ਸੁਰਿੰਦਰ ਕੁਮਾਰ ਅਤੇ ਸੁਮੀਤ ਪਾਟਣੀ (ਮਾਤਾ ਜੀ ਦਾ ਪਰਿਵਾਰ) ਨੇ ਦੱਸਿਆ ਕਿ 60 ਸਕੂਲਾਂ ਨੂੰ ਕਾਪੀਆਂ ਭੇਟ ਕੀਤੀਆਂ ਗਈਆਂ ਹਨ |