ਜਗਰਾਉਂ, 9 ਅਪ੍ਰੈਲ (ਗੁਰਦੀਪ ਸਿੰਘ ਮਲਕ)-ਘਰੇਲੂ ਸਾਂਝੀ ਜਾਇਦਾਦ ਦੇ ਬਟਵਾਰੇ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਉਸ ਵੇਲੇ ਖੂਨੀ ਰੂਪ ਧਾਰ ਗਈ, ਜਦੋਂ ਧੱਕਾ ਲੱਗਣ ਨਾਲ ਜ਼ਖਮੀ ਹੋਏ ਇਕ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਚਾਰ ਦੋਸ਼ੀਆਂ ਖ਼ਿਲਾਫ਼ਫ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਪਹਿਚਾਣ ਪਿੰਡ ਡਾਂਗੀਆਂ ਦੇ ਰਹਿਣ ਵਾਲੇ ਕੇਵਲ ਸਿੰਘ ਵਜੋਂ ਹੋਈ ਹੈ | ਇਸ ਸਬੰਧੀ ਮਿ੍ਤਕ ਦੀ ਪਤਨੀ ਕੁਲਵੰਤ ਕੌਰ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਵੰਤ ਕੌਰ ਵਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਪਿੰਡ ਵਿਚ ਸਾਂਝੀ ਜ਼ਮੀਨ ਦੇ ਬੰਟਵਾਰੇ ਨੂੰ ਲੈ ਕੇ ਦੋ ਧਿਰਾਂ ਵਿਚ ਗੱਲਬਾਤ ਚੱਲ ਰਹੀ ਸੀ | ਇਸ ਦੌਰਾਨ ਮਨਦੀਪ ਸਿੰਘ ਨੇ ਉਨ੍ਹਾਂ ਦੇ ਪੱਖ ਦੇ ਸੁਖਚੈਨ ਸਿੰਘ ਨੂੰ ਗਾਲ ਕੱਢ ਦਿੱਤੀ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਗੱਲਬਾਤ ਧੱਕਾ-ਮੁੱਕੀ ਵਿਚ ਤਬਦੀਲ ਹੋ ਗਈ | ਵਿਵਾਦ ਵੱਧਦਾ ਦੇਖ ਕੇ ਕੇਵਲ ਸਿੰਘ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਸ ਦੌਰਾਨ ਬਲਵੰਤ ਸਿੰਘ ਨੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ, ਹਾਲਾਂਕਿ ਉਹ ਖੁਦ ਨੂੰ ਸੰਭਾਲ ਕੇ ਖੜੇ੍ਹ ਹੋ ਗਏ ਅਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਘਰ ਲੈ ਆਈ | ਘਰ ਪਹੁੰਚਣ ਤੋਂ ਬਾਅਦ ਕੇਵਲ ਸਿੰਘ ਨੇ ਨੱਕ ਵਿਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ | ਹਾਲਤ ਵਿਗੜਣ 'ਤੇ ਉਨ੍ਹਾਂ ਦੀ ਪਤਨੀ ਕੁਲਵੰਤ ਕੌਰ ਨੇ ਆਪਣੇ ਭਤੀਜੇ ਬਲਜਿੰਦਰ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਜਗਰਾਉਂ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ | ਬਾਅਦ ਵਿਚ ਉਨ੍ਹਾਂ ਨੂੰ ਲੁਧਿਆਣਾ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ | ਪੁਲਿਸ ਨੇ ਸ਼ਿਕਾਇਤ ਅਤੇ ਪ੍ਰਾਰੰਭਿਕ ਜਾਂਚ ਦੇ ਆਧਾਰ 'ਤੇ ਬਲਵੰਤ ਸਿੰਘ (ਨਿਵਾਸੀ ਡਾਂਗੀਆਂ), ਗੁਰਦਿਆਲ ਸਿੰਘ (ਨਿਵਾਸੀ ਢੋਲ ਕਲਾਂ, ਲੁਧਿਆਣਾ), ਗੁਰਮੀਤ ਸਿੰਘ ਅਤੇ ਮਨਦੀਪ ਸਿੰਘ (ਨਿਵਾਸੀ ਭਾਗੀਕੇ, ਮੋਗਾ) ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ | ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਚਾਰੇ ਦੋਸ਼ੀ ਜਲਦ ਹੀ ਪੁਲਿਸ ਹਿਰਾਸਤ ਵਿਚ ਹੋਣਗੇ |