ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪੱਖੋਵਾਲ ਦੇ ਪ੍ਰਧਾਨ ਗੁਰਿੰਦਰ ਸਿੰਘ ਜੁੜਾਹਾਂ ਅਤੇ ਬਲਾਕ ਜਨਰਲ ਸਕੱਤਰ ਕਰਮਜੀਤ ਸਿੰਘ ਕੋਟ ਆਂਗਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਦਹਿਸ਼ਤ ਦੇ ਮਾਹੌਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪਹਿਲਾਂ ਪਿਛਲੇ ਦਿਨੀਂ ਇਕ ਡੀ.ਐੱਮ ਗਗਨਦੀਪ ਸਿੰਘ ਰੰਧਾਵਾ ਕੈਬਨਿਟ ਮੰਤਰੀ ਵਲੋਂ ਜ਼ਲੀਲ ਕਰਨ ਅਤੇ ਧਮਕੀਆਂ ਦੇਣ ਕਾਰਨ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਮਜ਼ਬੂਰ ਹੋਇਆ ਸੀ | ਉਸ ਤੋਂ ਬਾਅਦ ਫਰੀਦਕੋਟ ਦੇ ਪਿੰਡ ਹਰੀ ਨੌਂ ਦੇ 2 ਸਕੇ ਭਰਾ ਲੈਂਡਮਾਰਗੇਜ ਬੈਂਕ ਦੇ ਮੈਨੇਜਰ ਵਲੋਂ ਉਨ੍ਹਾਂ ਕਿਸਾਨਾਂ ਦੀਆਂ ਫੋਟੋਆਂ ਜਨਤਕ ਤੌਰ 'ਤੇ ਲਗਾ ਕੇ ਜਲੀਲ ਕੀਤੇ ਜਾਣ ਦੇ ਡਰੋਂ ਖੁਦਕੁਸ਼ੀ ਕਰ ਗਏ ਅਤੇ ਹੁਣ ਪਿੰਡ ਜੁੜਾਹਾਂ ਦੇ ਨਸ਼ਾ ਕਰਨ ਦੇ ਆਦੀ ਗੁੰਡੇ ਅਨਸਰਾਂ ਵਲੋਂ ਰਾਜਨੀਤਿਕ ਸ਼ੈਅ 'ਤੇ ਪਿੰਡ ਧੂਲਕੋਟ ਵਿਖੇ ਪਿੰਡ ਦੀ ਦੁਕਾਨ ਤੋਂ ਸਾਮਾਨ ਲੈਣ ਲਈ ਜਾ ਰਹੇ ਨੌਜਵਾਨ ਪਰਮਵੀਰ ਸਿੰਘ ਦੀ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਨੌਜਵਾਨ ਨੂੰ ਉਨ੍ਹਾਂ ਰਾਜਨੀਤਿਕ ਸ਼ੈਅ ਪ੍ਰਾਪਤ ਗੁੰਡਿਆਂ ਵਲੋਂ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਨੌਜਵਾਨ ਕਿਸਾਨ ਜਥੇਬੰਦੀਆਂ ਨਾਲ ਜਾਣਾ ਬੰਦ ਕਰ ਦੇਵੇ ਅਤੇ ਰਾਜਨੀਤਿਕ ਪਾਰਟੀਆਂ ਵਿਰੁੱਧ ਲੱਗਣ ਵਾਲੇ ਧਰਨਿਆਂ ਤੇ ਆਮ ਲੋਕਾਂ ਦੀ ਹੱਕ ਵਿਚ ਅਵਾਜ਼ ਬੁਲੰਦ ਕਰਨੀ ਬੰਦ ਕਰ ਦੇਵੇ | ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਰਾਜਨੀਤਕ ਸ਼ੈਅ ਪ੍ਰਾਪਤ ਗੁੰਡਾ ਅਨਸਰਾਂ ਵਲੋਂ ਉਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਉਪਰੰਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਿਤ ਜੋਧਾਂ ਥਾਣੇ ਵਿਚ ਵੀ ਰਾਜਨੀਤਿਕ ਸ਼ੈਅ ਪ੍ਰਾਪਤ ਗੁੰਡਾ ਅਨਸਰ ਅਤੇ ਉਸਦੇ ਚਾਰ ਹੋਰ ਸਾਥੀਆਂ, ਜਿੰਨ੍ਹਾਂ ਵਲੋਂ ਉਕਤ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ, ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਗਈ ਹੈ ਅਤੇ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੋਸ਼ੀਆਂ ਨੂੰ ਤੁਰੰਤ ਕਾਬੂ ਕਰਕੇ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ ਤਾਂ ਮਜ਼ਬੂਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਉਸ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ ਅਤੇ ਜੇਕਰ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਕੋਈ ਰੋਡ ਜਾਮ ਜਾਂ ਧਰਨਾ ਲੱਗਦਾ ਹੈ ਤਾਂ ਫਿਰ ਉਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਉਨ੍ਹਾਂ ਗੁੰਡਾ ਅਨਸਰਾਂ ਦੀ ਮਦਦ ਕਰਨ ਵਾਲੇ ਰਾਜਨੀਤੀ ਲੋਕਾਂ ਦੀ ਹੋਵੇਗੀ | ਇਸ ਮੌਕੇ ਜਗਰੂਪ ਸਿੰਘ ਭੈਣੀ ਬੜਿੰਗਾ ਪ੍ਰਧਾਨ ਬਲਾਕ ਰਾਏਕੋਟ, ਅਮਰੀਕ ਸਿੰਘ ਹਲਵਾਰਾ ਪ੍ਰਧਾਨ ਬਲਾਕ ਸੁਧਾਰ, ਸੁਖਦੇਵ ਸਿੰਘ ਮੋਹੀ, ਪਰਮਜੀਤ ਸਿੰਘ ਦਾਖਾ ਆਦਿ ਕਿਸਾਨ ਆਗੂ ਹਾਜ਼ਰ ਸਨ |
ਪੰਜਾਬ 'ਚ ਗੁੰਡੇ ਅਨਸਰਾਂ ਤੇ ਰਾਜਨੀਤਿਕ ਗੱਠਜੋੜ ਦੀ ਮਿਲੀਭੁਗਤ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਦਿਨ ਕੱਟਣ ਲਈ ਹੋਏ ਮਜਬੂਰ
ਅਜੀਤ ਡੈਸਕ
14-04-2026