11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕੇਂਦਰੀ ਖੁਰਾਕ ਨਿਗਮ ਦੀ ਟੀਮ ਨੇ ਕਣਕ ਦੇ ਸੈਂਪਲ ਭਰੇ

Ad Position 21
No active advertisement
ਅਜੀਤ ਡੈਸਕ 15-04-2026
• ਅਨਾਜ ਮੰਡੀ ਰਾਏਕੋਟ ਕਣਕ ਨਾ ਵਿਕਣ ਕਰਕੇ ਨੱਕੋ-ਨੱਕ ਭਰੀ
• ਕੇਂਦਰ ਤੇ ਪੰਜਾਬ ਸਰਕਾਰ ਪੈਦਾ ਹੋਏ ਮਸਲੇ ਦਾ ਜਲਦ ਹੱਲ ਕਰੇ-ਪ੍ਰਧਾਨ ਬੌਵਾ ਗੋਇਲ
ਰਾਏਕੋਟ, 14 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਇਕ ਹਫ਼ਤੇ ਤੋਂ ਕਣਕ ਦੀ ਕਟਾਈ ਦਾ ਕੰਮ ਪੂਰੇ ਜ਼ੋਬਨ 'ਤੇ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਦਾਣਾ ਮੰਡੀਆਂ ਨੱਕੋ-ਨੱਕ ਭਰ ਚੁੱਕੀਆਂ ਹਨ ਪ੍ਰੰਤੂ ਪਿਛਲੇ ਮਹੀਨੇ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਸੀ, ਜਿਸ ਕਾਰਨ ਇਹ ਕਣਕ ਦੀ ਫ਼ਸਲ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਨਾ ਹੋਣ ਕਰਕੇ ਖ਼ਰੀਦ ਵਿਚ ਰੁਕਾਵਟ ਪੈਦਾ ਹੋਈ ਹੈ | ਇਸ ਦੌਰਾਨ ਹੀ ਕੇਂਦਰੀ ਖੁਰਾਕ ਨਿਗਮ ਦੀਆਂ ਟੀਮਾਂ ਕਣਕ ਦੀ ਗੁਣਵੱਤਾ ਦਾ ਮੁਆਇਨਾ ਕਰ ਰਹੀਆਂ ਹਨ | ਇਸ ਪਹਿਲਕਦਮੀ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਦੀ ਟੀਮ ਦੇ ਅਧਿਕਾਰੀਆਂ ਨੇ ਅੱਜ ਰਾਏਕੋਟ ਦੀ ਅਨਾਜ ਮੰਡੀ ਵਿਚ 4 ਵੱਖ-ਵੱਖ ਦੁਕਾਨਾਂ ਤੋਂ 4 ਕਿਸਾਨ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਧੂਰਕੋਟ, ਮੇਵਾ ਸਿੰਘ ਪੁੱਤਰ ਹਰਬੰਸ ਸਿੰਘ ਭੈਣੀ ਦਰੇੜਾ, ਬਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਧੂਰਕੋਟ ਤੇ ਗੁਰਮੁੱਖ ਸਿੰਘ ਪੁੱਤਰ ਮੋਹਰ ਸਿੰਘ ਮੁਹੰਮਦਪੁਰਾ ਦੀ ਕਣਕ ਦੇ ਢੇਰਾਂ ਤੋਂ ਨਮੂਨੇ ਲਏ | ਦੱਸਣਯੋਗ ਹੈ ਕਿ ਇਸ ਵਾਰ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਗੁਣਵੱਤਾ ਵਿਚ ਗਿਰਾਵਟ ਆਈ ਹੈ | ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਕਣਕ ਦੀ ਫ਼ਸਲ ਡਿੱਗ ਗਈ ਸੀ, ਇਸ ਨਾਲ ਕਣਕ ਦੇ ਦਾਣੇ ਸੁੰਗੜ ਕੇ ਕੁਆਲਿਟੀ 'ਤੇ ਖਰੇ ਨਹੀਂ ਉਤਰ ਰਹੇ | ਜਿਸ ਤਹਿਤ ਐੱਫ.ਸੀ.ਆਈ. ਟੀਮ ਵਲੋਂ ਕਣਕ ਦੇ ਦਾਣਿਆਂ ਦੀ ਜਾਂਚ ਲਈ ਜੋ ਸੈਂਪਲ ਲਏ ਗਏ ਹਨ ਉਨਾਂ ਸੈਂਪਲਾਂ ਨੂੰ ਐੱਫ.ਸੀ.ਆਈ ਦੇ ਫੂਡ ਸਕੱਤਰ ਤੇ ਸਰਕਾਰ ਕੋਲ ਮੁਆਇਨੇ ਲਈ ਭੇਜਿਆ ਜਾਵੇਗਾ | ਇਸ ਮੌਕੇ ਦਾਣਾ ਮੰਡੀ ਰਾਏਕੋਟ ਵਿਖੇ ਸੈਂਪਲ ਭਰਨ ਸਮੇਂ ਜ਼ਿਲਾ ਫੂਡ ਸਪਲਾਈ ਅਫ਼ਸਰ ਸਰਤਾਜ਼ ਸਿੰਘ ਚੀਮਾ, ਏ.ਐੱਫ.ਐੱਸ.ਓ ਚਰਨਜੀਤ ਸਿੰਘ ਹਲਵਾਰਾ, ਮਾਰਕਫੈੱਡ ਦੇ ਜ਼ਿਲਾ ਮੈਨੇਜਰ ਸੁਧੀਰ ਕੁਮਾਰ, ਪਨਸਪ ਦੇ ਫੀਲਡ ਅਫ਼ਸਰ ਗੁਰਜੀਤ ਸਿੰਘ, ਵੇਅਰਹਾਊਸ ਦੇ ਮੈਨੇਜਰ ਪ੍ਰਦੀਪ ਕੁਮਾਰ ਮਿੱਤਲ ਸਮੇਤ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਪਿਛਲੇ ਇਕ ਹਫ਼ਤੇ ਤੋਂ ਕਣਕ ਦੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਲੈ ਕੇ ਆਏ ਹਨ ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੀ ਖਰਾਬੀ ਕਾਰਨ ਜਿੱਥੇ ਕਣਕ ਦੀ ਫ਼ਸਲ ਵਿਚ ਨਮੀ ਦੀ ਮਾਤਰਾ ਵਧ ਆਉਣ ਦੀ ਸਮੱਸਿਆ ਆਈ ਸੀ, ਉਹ ਹੁਣ ਬਿਲਕੁੱਲ ਠੀਕ ਹੋ ਚੁੱਕੀ ਹੈ, ਜਦਕਿ ਕਣਕ ਦੇ ਦਾਣੇ ਦੀ ਗੁਣਵੱਤਾ ਵਿਚ ਜੋ ਤਬਦੀਲੀ ਆਈ ਹੈ ਉਸਨੂੰ ਕੇਂਦਰ ਤੇ ਸੂਬਾ ਸਰਕਾਰ ਹੱਲ ਕਰਵਾਉਣ ਲਈ ਜਲਦ ਪਹਿਲਕਦਮੀ ਕਰਨ ਤਾਂ ਜੋ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨੂੰ ਫ਼ਸਲ ਵੇਚਣ ਤੋਂ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਮੁੱਲਾਂਪੁਰ-ਦਾਖਾ 'ਚ ਯੁੱਧ ਨਸ਼ਿਆਂ ਵਿਰੁੱਧ ਪੁਲਿਸ-ਪਬਲਿਕ ਮੀਟਿੰਗ ਅਗਲੀ ਖ਼ਬਰ ਬੜੂੰਦੀ 'ਚ 20 ਦਿਨਾਂ ਬਾਅਦ ਮੁੜ ਟਰਾਂਸਫਾਰਮਰ ਚੋਰੀ ਕਰਨ ਆਏ ਚੋਰਾਂ ਨੂੰ ਕਿਸਾਨਾਂ ਨੇ ਭਜਾਇਆ
Ad Position 24