ਜਗਰਾਉਂ, 14 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਇਲਾਕੇ ਅੰਦਰ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਸੰਗਤਾਂ ਨੇ ਗੁਰੂ ਘਰਾਂ ਅੰਦਰ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਵਿਖੇ ਵਰਿੰਦਾਵਨ ਦੇ ਮਿ੍ਤਕਾਂ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ | ਗੁਰਦੁਆਰਾ ਸਿੰਘ ਸਭਾ ਤਹਿਸੀਲ ਰੋਡ ਜਗਰਾਉਂ, ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ, ਗੁਰਦੁਆਰਾ ਮੋਰੀ ਗੇਟ, ਗੁਰਦੁਆਰਾ ਭਜਨਗੜ੍ਹ ਸਾਹਿਬ, ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ, ਗੁਰਦੁਆਰਾ ਗੁਰੂ ਰਾਮ ਦਾਸ ਅਗਵਾੜ ਗੁੱਜਰਾਂ, ਗੁਰਦੁਆਰਾ ਭਗਤ ਰਵਿਦਾਸ ਕੱਚਾ ਕਿਲਾ, ਗੁਰਦੁਆਰਾ ਭਗਤ ਨਾਮਦੇਵ, ਗੁਰਦੁਆਰਾ ਬੁੰਗਾ ਸਾਹਿਬ ਸ਼ਕਤੀ ਨਗਰ, ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ, ਗੁਰਦੁਆਰਾ ਅਗਵਾੜ ਡਾਲਾ ਆਦਿ ਵਿਖੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਇਸ ਦੌਰਾਨ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਅਤੇ ਪ੍ਰਚਾਰਕਾਂ ਨੇ ਖ਼ਾਲਸਾ ਸਾਜਨਾ ਦਿਹਾੜੇ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਯੂਥ ਅਕਾਲੀ ਆਗੂ ਕੰਵਲਜੀਤ ਸਿੰਘ ਮੱਲ੍ਹਾ, ਵਿਰਸਾ ਸੰਭਾਲ ਸਭਾ ਪ੍ਰਧਾਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਨਗਰ ਕੌਂਸਲ ਜਗਰਾਉਂ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ, ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਦਵਿੰਦਰਜੀਤ ਸਿੰਘ ਸਿੱਧੂ, ਕੈਪਟਨ ਦਲਜੀਤ ਸਿੰਘ, ਅਪਾਰ ਸਿੰਘ, ਸਮਾਜ ਸੇਵੀ ਗੁਰਿੰਦਰ ਸਿੰਘ ਸਿੱਧੂ, ਦੀਪਇੰਦਰ ਸਿੰਘ ਭੰਡਾਰੀ ਆਦਿ ਨੇ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਨੂੰ ਵਿਸਾਖੀ ਦੇ ਦਿਹਾੜੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜ ਪਿਆਰਿਆਂ ਨੂੰ ਅੰਮਿ੍ਤਪਾਨ ਕਰਵਾ ਕੇ ਅਤੇ ਆਪ ਇੰਨ੍ਹਾਂ ਪਿਆਰਿਆਂ ਤੋਂ ਅੰਮਿ੍ਤ ਛਕ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ | ਉਨ੍ਹਾਂ ਹਰ ਤਰ੍ਹਾਂ ਦੀ ਜਾਤ ਪਾਤ, ਇਲਾਕਾਵਾਦ ਆਦਿ ਨੂੰ ਨਕਾਰ ਕੇ ਸਾਨੂੰ ਅਕਾਲ ਪੁਰਖ ਸਾਹਿਬ ਨਾਲ ਜੋੜਿਆ | ਉਨ੍ਹਾਂ ਕਿਹਾ ਕਿ ਜਿੰਨ੍ਹਾਂ ਹਾਲਾਤਾਂ ਦਾ ਸਮਾਜ ਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਵਿਚ ਨਿਕਲਣ ਲਈ ਗੁਰੂ ਸਾਹਿਬ ਜੀ ਦੀ ਵਿਚਰਧਾਰਾ ਨੂੰ ਅਪਨਾਉਣਾ ਪੈਣਾ ਹੈ |