ਰਾਏਕੋਟ, 16 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦਾ ਕੰਮ ਪੂਰੇ ਜ਼ੋਬਨ 'ਤੇ ਚੱਲ ਰਿਹਾ ਹੈ | ਅੱਜ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਕਣਕ ਦੀਆਂ ਬੋਰੀਆਂ ਦੇ ਲਿਫ਼ਟਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਸਮੇਂ ਗ੍ਰੰਥੀ ਸਿੰਘ ਵਲੋਂ ਕੰਮਕਾਰ ਦੀ ਸਫ਼ਲਤਾ ਲਈ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ | ਉਨਾਂ ਆਖਿਆ ਕਿ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ ਪੁਖਤਾ ਪ੍ਰਬੰਧ ਪੂਰੇ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਫ਼ਸਲ ਵੇਚਣ ਵਿਚ ਕੋਈ ਦਿੱਕਤ ਪੇਸ਼ ਨਾ ਆ ਸਕੇ | ਉਨਾਂ ਆਖਿਆ ਕਿ ਅੱਜ ਲਿਫ਼ਟਿੰਗ ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਦਾਣਾ ਮੰਡੀਆਂ ਵਿਚ ਕਿਸਾਨਾਂ ਨੂੰ ਜਗਾ ਦੀ ਸਹੂਲਤ ਮਿਲੇਗੀ ਅਤੇ ਸਮੇਂ ਸਿਰ ਬੋਰੀਆਂ ਦੀ ਸੰਭਾਲ ਹੋ ਸਕੇਗੀ | ਵਿਧਾਇਕ ਠੇਕੇਦਾਰ ਨੇ ਕਿਹਾ ਕਿ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਮੰਡੀ ਵਿਚ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਸੰਜੀਵ ਕੁਮਾਰ ਬੌਵਾ ਗੋਇਲ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਰਾਏਕੋਟ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਬਲਵੰਤ ਸਿੰਘ ਜੰਟਾ, ਗੁਰਜੀਤ ਸਿੰਘ ਗਿੱਲ, ਮੈਨੇਜਰ ਤੇਜਿੰਦਰ ਸਿੰਘ ਮਾਰਕਫੈਡ, ਦੀਪ ਕੁਮਾਰ ਮਾਰਕਫੈੱਡ, ਲੇਖਾਕਾਰ ਵਰਿੰਦਰ ਸ਼ਰਮਾ, ਵਿਨੋਦ ਕਤਿਆਲ, ਸੁਖਚੈਨ ਸਿੰਘ ਗਿੱਲ, ਨਰਿੰਦਰ ਕੁਮਾਰ, ਰਾਜਿੰਦਰਪਾਲ ਬਾਂਸਲ, ਪ੍ਰੀਤ ਸਿੰਘ ਆਦਿ ਹਾਜ਼ਰ ਸਨ |