ਹੰਬੜਾਂ, 16 ਅਪ੍ਰੈਲ (ਮੇਜਰ ਹੰਬੜਾਂ)-ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ 'ਆਪ' ਸਰਕਾਰ ਜੀ ਇਕ ਨਜ਼ਰ ਇੱਧਰ ਵੀ ਮਾਰ ਲਵੋ ਜਿੱਥੇ ਹੰਬੜਾਂ ਤੋਂ ਮੁੱਲਾਂਪੁਰ ਸੜਕ 'ਚ ਪਏ ਡੂੰਘੇ ਟੋਏ ਰੋਜ਼ਾਨਾਂ ਹੀ ਜਾਨਲੇਵਾ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਪਰ ਲੱਗਦਾ ਹੈ ਪ੍ਰਸ਼ਾਸ਼ਨ ਇਸ ਤੋਂ ਬੇਖ਼ਬਰ ਹੈ | ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਹੰਬੜਾਂ-ਮੁੱਲਾਂਪੁਰ ਸੜਕ ਜੋ ਕਿ ਜਲੰਧਰ ਲਾਡੋਵਾਲ, ਹੰਬੜਾਂ ਤੋਂ ਹੁੰਦੀ ਹੋਈ ਮੁੱਲਾਂਪੁਰ ਅੱਗੇ ਬਰਨਾਲਾ ਨੂੰ ਜੋੜਦੀ ਮੁੱਖ ਸੜਕ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ: ਮੱਲ ਸਿੰਘ ਘੁਮਾਣ ਦੇ ਪੰਜਾਬ ਮੰਡੀਬੋਰਡ ਦੇ ਚੇਅਰਮੈਨ ਹੁੰਦਿਆਂ ਬਣੀ ਸੀ, ਜਿਸ ਦੀ ਅੱਜ ਤਰਸਯੋਗ ਹਾਲਤ ਬਣੀ ਹੋਈ ਹੈ ਕਿਸੇ ਵੀ ਸਰਕਾਰ ਨੇ ਮੁੜ ਇਸ ਸੜਕ ਦੀ ਸਾਰ ਨਹੀਂ ਲਈ ਤੇ ਅੱਜ ਉਕਤ ਸੜਕ ਡਿਲਵਰੀ ਰੋਡ ਬਣ ਚੁੱਕੀ ਹੈ | ਹੰਬੜਾਂ ਕਸਬੇ 'ਚ ਸੜਕ ਇੰਨ੍ਹੀ ਜ਼ਿਆਦਾ ਟੁੱਟ ਚੁੱਕੀ ਹੈ ਕਿ ਪੈਦਲ ਚੱਲਣਾ ਵੀ ਮੁਸ਼ਕਿਲ ਬਣਿਆ ਹੋਇਆ | 'ਆਪ' ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ ਪਰ ਖਸਤਾ ਹਾਲਤ ਸੜਕ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤੇ ਇਸ ਸੜਕ 'ਤੇ ਵੱਡੇ-ਵੱਡੇ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਤੇ ਦਰਜਨਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ | ਉਕਤ ਖਸਤਾ ਹਾਲਤ ਸੜਕ ਤੋਂ ਲੰਘਣ ਵਾਲੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਖਾਸ ਕਰਕੇ ਕਿਸਾਨਾਂ ਵਲੋਂ ਮੰਡੀਆਂ ਕਣਕ ਦੀ ਫ਼ਸਲ ਲੈ ਕੇ ਆਉਣ ਸਮੇਂ ਟਰੈਕਟਰ ਟਰਾਲੀ ਪਲਟਣ ਦਾ ਡਰ ਬਣਿਆ ਰਹਿੰਦਾ ਹੈ ਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ 'ਚੋਂ ਗੁਜਰਨਾ ਪੈ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਕਿ ਉਕਤ ਸੜਕ ਜੋ ਕਿ ਹੰਬੜਾਂ 'ਚ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਨੂੰ ਇੱਥੇ ਪੱਥਰ ਪਾ ਕੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ |
ਹੰਬੜਾਂ-ਮੁੱਲਾਂਪੁਰ ਸੜਕ 'ਚ ਪਏ ਡੂੰਘੇ ਟੋਏ 'ਚ ਜਿੱਥੇ ਰੋਜ਼ਾਨਾ ਹੀ ਵਾਪਰ ਰਹੇ ਹਨ ਹਾਦਸੇ, ਪਰ ਮਹਿਕਮਾਂ ਬੇਖ਼ਬਰ
ਅਜੀਤ ਡੈਸਕ
17-04-2026