26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਗੋਰਸੀਆਂ ਖ਼ਾਨ ਮੁਹੰਮਦ ਨਜ਼ਦੀਕ ਕੀਤੀ ਜਾਣ ਵਾਲੀ ਹੱਦਬੰਦੀ ਉਪਰੰਤ ਹਾਕਮ ਧਿਰ ਦੇ ਲੋਕਾਂ ਵਲੋਂ ਸਰਪੰਚ ਅਤੇ ਉਸ ਦੇ ਸਾਥੀ ਦੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 19-04-2026
ਸਿੱਧਵਾਂ ਬੇਟ, 18 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਦੋ ਦਿਨ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਗਲੇ ਪਿੰਡ ਗੋਰਸੀਆਂ ਖਾਨ ਮੁਹੰਮਦ ਦੇ ਨਜ਼ਦੀਕ ਜ਼ਿਲ੍ਹਾ ਲੁਧਿਆਣਾ ਵਾਲੇ ਪਾਸੇ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ ਪਿੰਡ ਉਮਰੇਵਾਲ ਬਘੇਲਾ ਦੀ ਚੱਲ ਰਹੀ ਇਕ ਖੱਡ ਵਿਚ ਅਚਨਚੇਤ ਛਾਪੇਮਾਰੀ ਕੀਤੀ ਸੀ ਤਾਂ ਉਨ੍ਹਾਂ ਉਸ ਸਮੇਂ ਚੱਲ ਰਹੀ ਇਸ ਖੱਡ ਨੂੰ ਇਹ ਕਹਿਕੇ ਰੁਕਵਾ ਦਿੱਤਾ ਸੀ ਕਿ ਇਹ ਖੱਡ ਜ਼ਿਲ੍ਹਾ ਜਲੰਧਰ ਦੇ ਪਿੰਡ ਉਮਰੇਵਾਲ ਬਘੇਲਾ ਵਿਚ ਨਹੀਂ, ਸਗੋਂ ਲੁਧਿਆਣਾ ਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਾਲੇ ਰਕਬੇ ਵਿਚ ਨਾਜਾਇਜ਼ ਚਲਾਈ ਜਾ ਰਹੀ ਹੈ | ਜਿਸ ਨਾਲ ਪਿੰਡ ਗੋਰਸੀਆਂ ਖਾਨ ਮੁਹੰਮਦ ਦੀਆਂ ਬਣੀਆਂ ਸੜਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ | ਉਸ ਸਮੇਂ ਚੇਅਰਮੈਨ ਗਿੱਲ ਨੂੰ ਪਿੰਡ ਦੇ ਕੁਝ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ | ਭਾਵੇਂ ਉੇਸ ਸਮੇਂ ਖੱਡ ਚਲਾ ਰਹੀ ਰਜਿੰਦਰਾ ਨਾਂਅ ਦੀ ਕੰਪਨੀ ਅਤੇ ਮਾਈਨਿੰਗ ਵਿਭਾਗ ਵਲੋਂ ਵੀ ਸਫ਼ਾਈ ਦਿੱਤੀ ਸੀ ਕਿ ਮਾਈਨਿੰਗ ਵਾਲਾ ਰਕਬਾ ਦਰਿਆ ਸਤਲੁਜ ਪਾਰਲੇ ਪਿੰਡ ਉਮਰੇਵਾਲ ਬਘੇਲਾ ਵਿਚ ਪੈਂਦਾ ਹੈ ਅਤੇ ਕੰਪਨੀ ਇਸ ਦੀ ਨਿਕਾਸੀ ਜ਼ਿਲ੍ਹਾ ਲੁਧਿਆਣਾ ਵਾਲੇ ਪਾਸੇ ਤੋਂ ਕਰਨ ਦੀ ਮਨਜ਼ੂਰੀ ਵੀ ਲਈ ਹੋਈ ਹੈ, ਪਰ ਚੇਅਰਮੈਨ ਗਿੱਲ ਨੇ ਉਸ ਸਮੇਂ ਦੋਹਾਂ ਪਿੰਡਾਂ ਦੀ ਹੱਦਬੰਦੀ ਮਾਲ ਮਹਿਕਮੇ ਤੋਂ ਕਰਵਾਉਣ ਲਈ ਆਖਿਆ | ਅੱਜ ਜਦੋਂ ਏ.ਡੀ.ਸੀ. ਜਗਰਾਉਂ ਦੀ ਦਿਸ਼ਾ-ਨਿਰਦੇਸ਼ 'ਤੇ ਤਹਿਸੀਲਦਾਰ ਰੇਸ਼ਮ ਸਿੰਘ, ਕਾਨੂੰਨਗੋ ਅਭਿਸ਼ੇਕ ਅਰੋੜਾ, ਜੇ.ਈ. ਮਾਈਨਿੰਗ ਕਰਮਪ੍ਰੀਤ ਸਿੰਘ ਲੁਧਿਆਣਾ, ਜੇ.ਈ. ਬੀਰਇੰਦਰ ਸਿੰਘ ਲੁਧਿਆਣਾ , ਜੇ.ਈ. ਮਨਪ੍ਰੀਤ ਸਿੰਘ ਜਲੰਧਰ ਅਤੇ ਹਲਕਾ ਪਟਵਾਰੀ ਸੁਖਵਿੰਦਰ ਸਿੰਘ ਉਕਤ ਦੋਹਾਂ ਪਿੰਡਾਂ ਦੀ ਹੱਦਬੰਦੀ ਲਈ ਪੁੱਜੇ | ਇਸ ਮੌਕੇ ਹਾਕਮ ਧਿਰ ਅਤੇ ਮੌਜੂਦਾ ਸਰਪੰਚ ਧਿਰ ਦੇ ਲੋਕ ਵੀ ਹਾਜ਼ਰ ਸਨ | ਜਦੋਂ ਅਧਿਕਾਰੀਆਂ ਵੱਲੋਂ ਕੀਤੀ ਗਈ ਹੱਦਬੰਦੀ ਉਪਰੰਤ ਇਹ ਸਾਫ਼ ਹੋ ਗਿਆ ਕਿ ਚੱਲ ਰਹੀ ਖੱਡ ਪਿੰਡ ਉਮਰੇਵਾਲ ਬਘੇਲਾ ਦੇ ਰਕਬੇ ਵਿਚ ਹੀ ਪੈਂਦੀ ਹੈ ਤਾਂ ਹਾਕਮ ਧਿਰ ਦੇ ਲੋਕ ਤੈਸ਼ ਵਿਚ ਆ ਗਏ | ਉਨਾਂ ਨੇ ਅਧਿਕਾਰੀਆਂ ਤੋਂ ਹੋਰ ਅੱਗੇ ਜਾ ਕੇ ਨਿਸ਼ਾਨਦੇਹੀ ਕਰਨ ਦੀ ਮੰਗ ਕੀਤੀ ਗਈ | ਉਸ ਸਮੇਂ ਵੀ ਪੱਤਰਕਾਰਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਵੀ ਦੋਹਾਂ ਧਿਰਾਂ ਵਿਚ ਧੱਕਾ ਮੁੱਕੀ ਹੋਈ, ਪਰ ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ ਗਿਆ | ਇਸ ਉਪਰੰਤ ਜਦੋਂ ਸਾਰੇ ਮੁਲਾਜ਼ਮ ਨਿਸ਼ਾਨਦੇਹੀ ਵਾਲੀ ਜਗ੍ਹਾ ਤੋਂ ਬਾਹਰ ਆ ਗਏ ਤਾਂ ਕੁਝ ਲੋਕਾਂ ਨੇ ਅਚਨਾਕ ਪਿੰਡ ਦੇ ਸਰਪੰਚ ਜਗਦੇਵ ਸਿੰਘ ਪੁੱਤਰ ਕਿਸ਼ਨ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਗੁਰਦੀਪ ਸਿੰਘ ਪੁੱਤਰ ਲਾਭ ਸਿੰਘ ਨੇ ਹਮਲਾ ਕਰਕੇ ਗੁਰਦੀਪ ਸਿੰਘ ਨੂੰ ਤਾਂ ਕਿਸੇ ਮਾਰੂ ਹਥਿਆਰ ਨਾਲ ਲਹੂ-ਲੁਹਾਨ ਕਰ ਦਿੱਤਾ | ਜ਼ਖ਼ਮੀ ਵਿਅਕਤੀਆਂ ਨੇ ਇਸ ਮੌਕੇ ਮੌਜੂਦ ਤਹਿਸੀਲਦਾਰ ਰੇਸਮ ਸਿੰਘ ਨੂੰ ਦੱਸਿਆ ਕਿ ਸਾਡੇ 'ਤੇ ਹਾਕਮ ਧਿਰ ਨਾਲ ਸੰਬੰਧਿਤ ਬੰਦਿਆਂ ਨੇ ਹਮਲਾ ਕੀਤਾ ਹੈ, ਜਿਨ੍ਹਾਂ ਨੂੰ ਤੁਹਾਡੇ ਵਲੋਂ ਹੱਦਬੰਦੀ ਦਾ ਕੀਤਾ ਫ਼ੈਸਲਾ ਮਨਜ਼ੂਰ ਨਹੀਂ ਹੈ | ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮ: ਬਲਜੀਤ ਸਿੰਘ ਨੇ ਵੀ ਹਾਕਮ ਧਿਰ ਨੂੰ ਕਟਿਹਰੇ ਵਿਚ ਖੜ੍ਹਾ ਕਰਦੇ ਹੋਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਉਨ੍ਹਾਂ ਆਖਿਆ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਜਲਦੀ ਮਾਮਲਾ ਨਾ ਦਰਜ ਕੀਤਾ ਤਾਂ ਅਸੀਂ ਵੱਡਾ ਧਰਨਾ ਦੇਣ ਲਈ ਮਜ਼ਬੂਰ ਹੋਵਾਂਗੇ | ਦੂਜੇ ਪਾਸੇ ਸਰਪੰਚ ਅਤੇ ਉਸ ਦੇ ਸਾਥੀ 'ਤੇ ਹਮਲਾ ਕਰਨ ਵਾਲੇ ਲੋਕਾਂ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਤਹਿਸੀਲਦਾਰ ਰੇਸ਼ਮ ਸਿੰਘ ਨੇ ਆਖਿਆ ਕਿ ਉਹ ਇਸ ਸੰਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ | ਇਸ ਮੌਕੇ ਮਾਈਨਿੰਗ ਅਧਿਕਾਰੀਆਂ ਨੇ ਤਾਂ ਇਹ ਵੀ ਦੱਸਿਆ ਕਿ ਅਸੀਂ ਇਸ ਸੰਬੰਧੀ ਥਾਣਾ ਸਿੱਧਵਾਂ ਬੇਟ ਨੂੰ ਸੂਚਿਤ ਕਰਕੇ ਮੌਕੇ 'ਤੇ ਪੁਲਿਸ ਨਫ਼ਰੀ ਭੇਜਣ ਦੀ ਮੰਗ ਕੀਤੀ ਸੀ, ਪਰ ਕੋਈ ਵੀ ਪੁਲਿਸ ਕਰਮੀ ਮੌਕੇ 'ਤੇ ਨਾ ਹੋਣ ਕਾਰਨ ਇਹ ਭਾਣਾ ਵਰਤ ਗਿਆ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਮੰਡੀ ਦਾ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕੀਤਾ ਦੌਰਾ ਐੱਸ.ਡੀ.ਐੱਮ. ਨੂੰ ਖ਼ਰੀਦ, ਲਿਫ਼ਟਿੰਗ, ਬਾਰਦਾਨਾ ਤੇ... ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਬੋਪਾਰਾਏ ਖੁਰਦ ਵਿਖੇ ਕੰਪਿਊਟਰ ਲੈਬ ਦਾ ਉਦਘਾਟਨ
Ad Position 24