ਰਾਏਕੋਟ, 18 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਲੈੱਬਾਂ ਦਾ ਲੜੀਵਾਰ ਉਦਘਾਟਨ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਬੋਪਾਰਾਏ ਖੁਰਦ ਵਿਖੇ ਕੰਪਿਊਟਰ ਤੇ ਸਾਇੰਸ ਲੈੱਬ ਦਾ ਉਦਘਾਟਨ ਕੀਤਾ ਗਿਆ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਤਕਨੀਕ ਨਾਲ ਲੈਸ ਕੰਪਿਊਟਰ ਲੈਬ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਕੰਪਿਊਟਰ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਬੜੇ ਸਰਲ ਤਰੀਕੇ ਨਾਲ ਪ੍ਰਾਪਤ ਹੋ ਸਕੇ | ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਬੋਪਾਰਾਏ ਖੁਰਦ ਵਿਚ ਇਨ੍ਹਾਂ ਲੈਬਾਂ ਦੀ ਤਿਆਰੀ ਲਈ ਲੱਖਾਂ ਰੁਪਏ ਦੀ ਲਾਗਤ ਆਈ ਹੈ, ਜਿਸ ਵਿੱਚ ਆਧੁਨਿਕ ਤਕਨੀਕ ਕੰਪਿਊਟਰ ਦੀ ਮਦਦ ਨਾਲ ਪੜ੍ਹਾਈ ਕਰਵਾਈ ਜਾਵੇਗੀ | ਇਸ ਮੌਕੇ ਸਕੂਲ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਵਲੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਇਸ ਉਪਰਾਲੇ 'ਤੇ ਕੋਟਿਨ-ਕੋਟਿ ਧੰਨਵਾਦ ਕੀਤਾ ਅਤੇ ਆਖਿਆ ਕਿ ਅਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਅੰਦਰ ਪੜ੍ਹਾਈ ਪ੍ਰਤੀ ਰੁਚੀ ਪੈਦਾ ਹੁੰਦੀ ਹੈ ਅਤੇ ਉਹ ਅੱਗੇ ਲਈ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਹਨ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਬੀ.ਐੱਨ.ਓ ਮੈਡਮ ਅਮਰਦੀਪ ਕੌਰ ਰਾਏਕੋਟ, ਹੈੱਡ ਮਿਸਟ੍ਰੈੱਸ ਸੀਮਾ ਰਾਣੀ ਕਾਲਸਾਂ, ਮਨਜੀਤ ਸਿੰਘ, ਨਰਿੰਦਰਪਾਲ ਸਿੰਘ, ਗੁਰਦੀਪ ਕੌਰ, ਹਰਪ੍ਰੀਤ ਕੌਰ, ਪਵਨ ਰਾਮ, ਪਰਮਜੀਤ ਕੌਰ, ਰਮਨਜੀਤ ਕੌਰ, ਸਰਬਜੀਤ ਕੌਰ, ਸਰਨਜੀਤ ਕੌਰ, ਬਲਜੀਤ ਕੌਰ, ਸੁਰਜੀਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਜੱਟਪੁਰੀ, ਮਾ. ਨਿਰਪਾਲ ਸਿੰਘ ਜਲਾਲਦੀਵਾਲ, ਰਿਟਾ: ਲੈਕਚਰਾਰ ਭੁਪਿੰਦਰ ਸਿੰਘ, ਰਿਟਾ: ਲੈਕਚਰਾਰ ਕਰਤਾਰ ਸਿੰਘ, ਸਰਪੰਚ ਨਾਇਬ ਸਿੰਘ ਬੋਪਾਰਾਏ ਖੁਰਦ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ, ਸਰਪੰਚ ਕੁਲਜਿੰਦਰ ਸਿੰਘ ਧੂਰਕੋਟ, ਅਵਤਾਰ ਸਿੰਘ ਯੂ.ਐੱਸ.ਏ, ਬਾਪੂ ਕਰਤਾਰ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਗੋਪੀ ਜਲਾਲਦੀਵਾਲ, ਜੱਸ ਸਿੰਘ ਹਲਵਾਰਾ, ਮਨਿੰਦਰ ਸਿੰਘ ਆਦਿ ਹਾਜ਼ਰ ਸਨ |