ਹੰਬੜਾਂ, 19 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਪਿੰਡ ਸਮੇਮਪੁਰ ਢਾਹਾ ਵਿਖੇ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਦਾ ਇਕ ਰੋਜ਼ਾ ਧਾਰਮਿਕ ਦੀਵਾਨ ਸਜਾਇਆ ਗਿਆ | ਸੇਵਾਦਾਰ ਨਛੱਤਰ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਇਸ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲਿਆਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਦਿਆਂ ਕਿਹਾ ਕਿ ਹਰ ਇਕ ਪ੍ਰਾਣੀ ਨੂੰ ਦਸਾਂ ਨਹੂੰਆਂ ਦੀ ਕਿਰਤ-ਕਮਾਈ ਕਰਦਿਆਂ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਰ ਪ੍ਰਾਣੀ ਨੂੰ ਇਕ ਨੇਕ ਇਨਸਾਨ ਬਣਾਉਣ ਲਈ ਪੂਰਨ ਸਮਰੱਥਾ ਰੱਖਦੀ ਹੈ | ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਸਹੀ ਜੀਵਨ-ਜਿਉਣ ਦੀ ਜਾਚ ਸਿਖਾਉਂਦੀ ਹੈ | ਇਸ ਸਮੇਂ ਸੁਖਨਰਿੰਦਰ ਸਿੰਘ, ਗੁਰਇੰਦਰ ਸਿੰਘ, ਏਕਮਪ੍ਰੀਤ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਪ੍ਰਧਾਨ ਜਗਵਿੰਦਰ ਸਿੰਘ ਗਿੱਲ, ਜਥੇਦਾਰ ਸੁਖਦੇਵ ਸਿੰਘ ਫਾਗਲਾ ਸਮੇਤ ਹੋਰ ਸੇਵਾਦਾਰ ਵੀ ਮੌਜੂਦ ਸਨ | ਇਸ ਮੌਕੇ ਰਾਗੀ ਜੱਥੇ ਵਲੋਂ ਵੀ ਰਸਭਿੰਨਾਂ ਸ਼ਬਦ ਕੀਰਤਨ ਕਰਕੇ ਸੰਗਤ ਨੂੰ ਨਿਹਾਲੋ-ਨਿਹਾਲ ਕੀਤਾ ਗਿਆ | ਇਸ ਦੌਰਾਨ ਸੰਗਤਾਂ ਵਿਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |