ਜਗਰਾਉਂ, 19 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਰਾਜ ਅਨਾਜ ਖ਼ਰੀਦ ਨਿਗਮ ਲਿਮਟਿਡ (ਪਨਗਰੇਨ) ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਅੱਜ ਜ਼ਿਲ੍ਹਾ ਕੰਟਰੋਲਰ, ਖੁਰਾਕ ਸਪਲਾਈ ਵਿਭਾਗ, ਲੁਧਿਆਣਾ ਦੇ ਨਾਲ ਲੁਧਿਆਣਾ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਵਿਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਡਾ. ਗਿੱਲ ਨੇ ਲੁਧਿਆਣਾ, ਜਗਰਾਉਂ, ਮੁੱਲਾਂਪੁਰ, ਰਕਬਾ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਵਿਚ ਚੱਲ ਰਹੇ ਹਾੜ੍ਹੀ ਸੀਜ਼ਨ ਦੌਰਾਨ ਨਿਰਵਿਘਨ ਖ਼ਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਨਿਰੀਖਣ ਕੀਤਾ | ਇਸ ਸਬੰਧੀ ਚੇਅਰਮੈਨ ਡਾ. ਗਿੱਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੱਕ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿਚ 2831053.54 ਮੀਟਿ੍ਕ ਟਨ ਕਣਕ ਮੰਡੀਆਂ ਵਿਚ ਪਹੁੰਚੀ ਹੈ, ਅੱਜ 1072791.50 ਮੀਟਿ੍ਕ ਟਨ ਕਣਕ ਦੀ ਆਮਦ ਹੋਈ | ਅੱਜ ਤੱਕ ਕੁੱਲ ਸਰਕਾਰੀ ਖਰੀਦ 2383171 ਮੀਟਿ੍ਕ ਟਨ ਕਣਕ ਦੀ ਖ਼ਰੀਦ ਹੋਈ, ਜਦ ਕਿ ਪ੍ਰਾਈਵੇਟ 3294 ਮੀਟਿ੍ਕ ਟਨ ਕਣਕ ਖਰੀਦੀ ਹੈ | ਅੱਜ ਤੱਕ ਕੁੱਲ ਲਿਫ਼ਟਿੰਗ 136484.20 ਮੀਟਿ੍ਕ ਟਨ ਕਣਕ ਦੀ ਲਿਫ਼ਟਿੰਗ ਹੋਈ | ਪਿਛਲੇ 72 ਘੰਟੇ ਦੌਰਾਨ 55 ਫੀਸਦੀ ਲਿਫ਼ਟਿੰਗ ਦਾ ਕੰਮ ਹੋਇਆ | ਚੇਅਰਮੈਨ ਗਿੱਲ ਨੇ ਕਿਹਾ ਕਿ ਅੱਜ ਤੱਕ 1535 ਕਰੋੜ ਦੀ ਅਦਾਇਗੀ ਹੋਈ ਹੈ | ਜਿਨ੍ਹਾਂ ਵਿਚੋਂ 648.48 ਕਰੋੜ ਕਿਸਾਨ ਦੇ ਸਿੱਧੇ ਖ਼ਾਤੇ ਵਿਚ ਗਈ ਹੈ | ਸ. ਗਿੱਲ ਨੇ ਕਿਹਾ ਕਿ ਪਿਛਲੇ 48 ਘੰਟਿਆਂ ਦੌਰਾਨ 42 ਫੀਸਦੀ ਕਣਕ ਦੀ ਅਦਾਇਗੀ ਕਿਸਾਨ ਨੂੰ ਕਰ ਦਿੱਤੀ ਗਈ ਹੈ | ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ ਅਤੇ ਖ਼ਰੀਦ ਪ੍ਰਕਿਰਿਆਵਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ | ਇਸ ਮੌਕੇ ਪਨਗ੍ਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਸਮ ਦੀ ਮਾਰ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਆ ਰਹੀ ਕਣਕ ਦੀ ਖ਼ਰੀਦ ਨਾਲੋ-ਨਾਲ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਲਿਫ਼ਟਿੰਗ ਦੇ ਕੰਮ 'ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਵੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਕੀਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਵੱਖ-ਵੱਖ ਖ਼ਰੀਦ ਏਜੰਸੀਆਂ ਦੁਆਰਾ ਸਪਲਾਈ ਕੀਤੇ ਗਏ ਬਾਰਦਾਨੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਣਕ ਤੋਲ, ਲਿਫ਼ਟਿੰਗ ਆਦਿ ਬਾਰੇ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ | ਇਸ ਸਮੇਂ ਉਨ੍ਹਾਂ ਨਾਲ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦੇ ਦੌਰੇ ਦੌਰਾਨ ਖ਼ਰੀਦ ਏਜੰਸੀਆਂ ਦੇ ਵੱਖ ਵੱਖ ਅਧਿਕਾਰੀ ਹਾਜ਼ਰ ਸਨ |