ਜਗਰਾਉਂ, 21 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਕਲੇਰਾਂ ਸੰਪਰਦਾਇ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਪਾਸ ਕੀਤੇ ਸੋਧ ਬਿੱਲ 2026 ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਉਮਰ ਕੈਦ ਕੱਟਣੀ ਪਵੇਗੀ | ਇਹੀ ਨਹੀਂ ਹੁਣ ਬੇਅਦਬੀ ਮੌਕੇ ਮੁਲਜ਼ਮ ਮਾਨਸਿਕ ਰੂਪ ਵਜੋਂ ਪ੍ਰੇਸ਼ਾਨ ਦੱਸਣ ਦੀ ਬੁਣੀ ਜਾਂਦੀ ਸਾਜਿਸ਼ ਵੀ ਸਫ਼ਲ ਨਹੀਂ ਹੋਵੇਗੀ, ਕਿਉਂਕਿ ਇਸ ਨਵੇਂ ਸੋਧ ਬਿੱਲ ਵਿਚ ਦੋਸ਼ੀਆਂ ਦੇ ਪਰਿਵਾਰ 'ਤੇ ਵੀ ਕੇਸ ਚੱਲੇਗਾ | ਜਿਸ ਤੋਂ ਬਾਅਦ ਹੁਣ ਯਕੀਨਨ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀਆਂ ਬੇਅਦਬੀਆਂ ਬੰਦ ਹੋਣਗੀਆਂ | ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੀ ਵਜ਼ਾਰਤ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਬੇਅਦਬੀਆਂ ਖ਼ਿਲਾਫ਼ ਵੱਡਾ ਕਾਨੂੰਨ ਪਾਸ ਕਰਕੇ ਆਪਣੀ ਗੁਰੂ ਸਾਹਿਬ ਪ੍ਰਤੀ ਸੱਚੀ ਸ਼ਰਧਾ ਨੂੰ ਵੀ ਪ੍ਰਗਟਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸੇ ਕਾਨੂੰਨ ਤਹਿਤ ਗੁਰੂ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਛਪਾਈ ਲਈ ਵੀ ਬਣਾਏ ਗਏ ਨਿਯਮ ਵੀ ਸ਼ਲਾਘਾਯੋਗ ਹਨ | ਇਸ ਦੇ ਨਾਲ ਹੀ ਬੇਅਦਬੀ ਦੀ ਕੋਸ਼ਿਸ਼ ਕਰਨ 'ਤੇ ਵੀ 3 ਤੋਂ 5 ਸਾਲ ਦੀ ਸਜ਼ਾ ਨੂੰ ਦਰਜ ਕਰਨਾ ਵੀ ਵੱਡਾ ਕਦਮ ਹੈ | ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਸਰਕਾਰ ਦੇ ਧੰਨਵਾਦੀ ਹਨ, ਜਿੰਨ੍ਹਾਂ ਨੇ ਹਰ ਸਿੱਖ ਦੀ ਮੰਗ ਨਹੀਂ, ਇੱਛਾ ਨੂੰ ਬਾਖੂਬੀ ਪ੍ਰਗਟਾਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਜ਼ਾਰਤ ਵਲੋਂ ਪਾਸ ਕੀਤੇ ਇਸ ਬਿੱਲ 'ਤੇ ਰਾਜਪਾਲ ਦੀ ਹਰੀ ਝੰਡੀ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਸੁਰੱਖਿਆ ਲਈ ਇਹ ਸ਼ਲਾਘਾਯੋਗ ਉਪਰਾਲਾ ਹੈ |