ਸਾਹਨੇਵਾਲ, 21 ਅਪ੍ਰੈਲ (ਹਨੀ ਚਾਠਲੀ)-ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੁਖਜੀਤ ਸਿੰਘ ਹਰਾ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਅਹੁਦੇਦਾਰਾਂ ਦੀ ਮੀਟਿੰਗ ਹੋਈ | ਜਿਸ ਚ ਵਿਸ਼ੇਸ਼ ਤੋਰ ਤੇ ਪਹੁੰਚੇ ਕਾਂਗਰਸ ਦੇ ਸਾਬਕਾ ਜ਼ਿਲਾ ਦਿਹਾਤੀ ਪ੍ਰਧਾਨ ਗੁਰਦੇਵ ਸਿੰਘ ਲਾਪਰਾ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਸੱਤਾ 'ਚ ਆਈ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਜੋ ਝੂਠੇ ਵਾਅਦੇ ਕੀਤੇ ਸਨ | ਉਨਾਂ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਉਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਭਾਵੇਂ ਭਿ੍ਸ਼ਟਾਚਾਰ ਨੂੰ ਜੜ ਤੋਂ ਖ਼ਤਮ ਕਰਨ ਦੇ ਵਾਅਦੇ ਕੀਤੇ ਸਨ | ਪਰ ਇਸ ਦੇ ਉਲਟ ਭਗਵੰਤ ਮਾਨ ਦੀ ਸਰਕਾਰ ਦੇ ਖ਼ੁਦ ਮੰਤਰੀ ਰਿਸ਼ਵਤਾਂ, ਧੱਕੇਸ਼ਾਹੀਆਂ ਅਤੇ ਜਬਰੀ ਵਸੂਲੀ ਤੇ ਉਤਰ ਆਏ ਹਨ | ਉਨਾਂ ਕਿਹਾ ਕਿ ਪਹਿਲਾ ਬੀਤੇ ਦਿਨੀਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ 'ਤੇ ਟਰਾਲੀ ਦੇ ਪੈਸੇ ਨਾ ਦੇਣ ਦਾ ਵਿਵਾਦ ਨੇ ਤੂਲ ਫੜਿਆ ਅਤੇ ਇਹ ਮੁੱਦਾ ਅਜੇ ਤਾਂ ਠੰਡਾ ਨਹੀਂ ਸੀ ਪਿਆ ਤਾਂ ਹਲਕਾ ਸਾਹਨੇਵਾਲ ਦੇ ਵਾਸੀ ਨੇ ਮੰਤਰੀ ਦੇ ਓ ਐਸ ਡੀ 'ਤੇ ਪੈਸੇ ਲੈਣ ਦੇ ਦੋਸ਼ ਵੀ ਇਕ ਵੀਡੀਓ ਰਾਹੀਂ ਸਾਹਮਣੇ ਰੱਖ ਦਿੱਤੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕਰਨ ਦੀ ਥਾਂ 'ਤੇ ਪੂਰੀ ਤਰਾਂ ਚੁੱਪੀ ਧਾਰੀ ਹੋਈ ਹੈ | ਲਾਪਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕਰਦਿਆ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਓ. ਐਸ. ਡੀ ਰਸ਼ਪਾਲ ਸਿੰਘ ਤੇ ਜੋ ਦੋਸ਼ ਲੱਗੇ ਹਨ ਉਸਦੀ ਨਿਰਪੱਖ ਜਾਂਚ ਕਰਵਾ ਕੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ | ਇਸ ਮੌਕੇ ਕੈਪਟਨ ਸੁਖਜੀਤ ਸਿੰਘ ਹਰਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਵਿਚੋਂ 4 ਹਫ਼ਤਿਆਂ ਵਿਚੋਂ ਨਸ਼ਾ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਸੀ ਪਰ ਨਸ਼ਾ ਤਾਂ ਖ਼ਤਮ ਨਹੀਂ ਹੋਇਆ ਤਾਂ ਹੁਣ ਪੰਜਾਬ ਦੇ ਨੌਜਵਾਨ ਦਿਨੋਂ ਦਿਨ ਨਸ਼ੇ ਦੀ ਭੇਟ ਚੜਦੇ ਜਾ ਰਹੇ ਹਨ | ਉਨਾਂ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨਸ਼ਾ ਖ਼ਤਮ ਕਰਨ ਦੇ ਵਾਅਦੇ ਨੂੰ ਆਖ਼ਰ ਕਦੋਂ ਪੂਰਾ ਕਰੇਗੀ ਇਸ ਮੌਕੇ ਪਾਲ ਸਿੰਘ ਗਰੇਵਾਲ ਸਾਬਕਾ ਕੌਂਸਲਰ, ਸਤਿੰਦਰਪਾਲ ਸਿੰਘ ਗਿੱਲ ਤਾਜਪੁਰੀ ਸਾਬਕਾ ਚੇਅਰਮੈਨ, ਲੱਕੀ ਸੰਧੂ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ, ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਕੋਆਰਡੀਨੇਟਰ ਪੰਜਾਬ ਯੂਥ ਕਾਂਗਰਸ, ਯੂਥ ਆਗੂ ਸੁਖਵਿੰਦਰ ਸਿੰਘ ਬੱਲੂ, ਅਮਰਿੰਦਰ ਸਿੰਘ ਸੰਧੂ, ਉਦਿੱਤ ਮਿਸ਼ਰਾ ਐਡਵੋਕੇਟ, ਐਸ. ਪੀ. ਐਸ ਗਿੱਲ ਇੰਟਕ ਜ਼ਿਲਾ ਪ੍ਰਧਾਨ, ਗੁਰਪ੍ਰੀਤ ਸਿੰਘ ਸਾਹਾਬਾਣਾ ਆਦਿ ਹਾਜ਼ਰ ਸਨ |