ਰਾਏਕੋਟ, 21 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸਬ-ਡਵੀਜ਼ਨ ਰਾਏਕੋਟ ਦੇ ਨਵ-ਨਿਯੁਕਤ ਮੁਰਾਦ ਜਸਵੀਰ ਸਿੰਘ ਗਿੱਲ ਨੇ ਬਤੌਰ ਡੀ.ਐੱਸ.ਪੀ ਵਜੋਂ ਚਾਰਜ ਸੰਭਾਲਿਆ | ਇਸ ਮੌਕੇ ਨਵ-ਨਿਯੁਕਤ ਡੀ.ਐੱਸ.ਪੀ ਮੁਰਾਦ ਜਸਵੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਵਲੋਂ ਸੂਬੇ ਭਰ 'ਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਆਰੰਭੀ ਗਈ ਹੈ, ਜਿਸ ਦੀ ਸਫ਼ਲਤਾ ਲਈ ਪੁਲਿਸ ਪ੍ਰਸ਼ਾਸਨ ਨੂੰ ਆਮ ਪਬਲਿਕ ਦਾ ਸਹਿਯੋਗ ਚਾਹੀਦਾ ਹੈ | ਇਸ ਲਈ ਲੋਕ ਪੁਲਿਸ ਨੂੰ ਅੱਗੇ ਹੋ ਕੇ ਸਹਿਯੋਗ ਦੇਣ ਤਾਂ ਜੋ ਨਸ਼ਿਆਂ ਦੀ ਦਲ-ਦਲ ਵਿਚ ਫਸੀ ਪੰਜਾਬ ਦੀ ਨੌਜਵਾਨੀ ਨੂੰ ਬਾਹਰ ਕੱਢਿਆ ਜਾ ਸਕੇ | ਉਨ੍ਹਾਂ ਆਖਿਆ ਕਿ ਲੋਕ ਪੁਲਿਸ ਤੋਂ ਇਨਸਾਫ਼ ਲੈਣ ਲਈ ਸਮੇਂ ਸਿਰ ਸੱਚੀ ਇਤਲਾਹ ਪੁਲਿਸ ਕੋਲ ਦੇਣ ਤਾਂ ਜੋ ਸ਼ਿਕਾਇਤਕਰਤਾ ਨੂੰ ਬਣਦਾ ਇਨਸਾਫ਼ ਦਿਵਾਇਆ ਜਾ ਸਕੇ | ਉਨ੍ਹਾਂ ਗੈਰ-ਸਮਾਜੀ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਮਾੜੀਆਂ ਗਤੀਵਿਧੀਆਂ ਨੂੰ ਤਿਆਗ ਕੇ ਮੁੱਖ ਧਾਰਾ ਵਿਚ ਸ਼ਾਮਿਲ ਹੋਣ, ਨਹੀਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |