ਸਿੱਧਵਾਂ ਬੇਟ, 21 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਾਲੀਆਂ ਖੱਡਾਂ ਹੁਣ ਸੱਚਮੁੱਚ ਹੀ ਬਦਲਾਅ ਵਾਲੀ ਮਾਨ ਸਰਕਾਰ ਦੇ ਆਖਰੀ ਵਰ੍ਹੇ ਵਿਚ ਇਕ ਤਰ੍ਹਾਂ ਨਾਲ 'ਸੋਨੇ ਦੀਆਂ ਖਾਣਾਂ' ਬਣੀਆਂ ਵਿਖਾਈ ਦੇ ਰਹੀਆਂ ਹਨ | ਜਿਸ ਨੂੰ ਲੁੱਟਣ ਅਤੇ ਪੁੱਟਣ ਲਈ ਰੇਤ ਮਾਫੀਆ ਹਰ ਵਸੀਲਾ ਵਰਤ ਰਿਹਾ ਹੈ, ਪਰ ਸਰਕਾਰ ਕਿਉਂ ਚੁੱਪ ਹੈ, ਕੀ ਰੇਤ ਮਾਫੀਏ ਦੀ ਪਿੱਠ ਪਿੱਛੇ ਹਾਕਮ ਧਿਰ ਦਾ ਹੱਥ ਹੈ ਜਾਂ ਫਿਰ ਪ੍ਰਸ਼ਾਸਨ ਆਪਣੇ ਹੀ ਹਿਸਾਬ ਨਾਲ ਚੱਲ ਰਿਹਾ ਹੈ | ਇਸ ਬਾਰੇ ਸਮਝਣਾ ਵੀ ਮੁਸ਼ਕਿਲ ਹੋ ਗਿਆ ਹੈ | ਅਜਿਹਾ ਹੀ ਇਕ ਮਾਮਲਾ ਸਤਲੁਜ ਤੋਂ ਪਾਰ ਜਲੰਧਰ ਵਾਲੇ ਪਾਸੇ ਜ਼ਿਲ੍ਹਾ ਲੁਧਿਆਣਾ ਦੇ ਪੈਂਦੇ ਪਿੰਡ ਮੱਧੇਪੁਰ ਦੇ ਦਰਿਆਈ ਰਕਬੇ ਅਤੇ ਜਲੰਧਰ-ਜਗਰਾਉਂ ਮਾਰਗ 'ਤੇ ਬਣੇ ਦਰਿਆ ਸਤਲੁਜ ਦੇ ਪੁਲ ਤੋਂ ਛਿਪਦੇ ਵਾਲੇ ਪਾਸੇ ਸਿਰਫ਼ 500 ਗਜ਼ ਦੀ ਦੂਰੀ 'ਤੇ ਵੇਖਣ ਨੂੰ ਮਿਲ ਰਿਹਾ ਹੈ | ਜਿੱਥੇ ਹੀ ਇਕ ਰੇਤ ਕੰਪਨੀ ਵਲੋਂ ਦਰਿਆ ਸਤਲੁਜ ਦੀ ਸਫ਼ਾਈ ਦੇ ਨਾਂਅ 'ਤੇ ਕੀਤੀ ਜਾ ਰਹੀ ਮਾਈਨਿੰਗ ਦਾ ਵੇਖਣ ਨੂੰ ਮਿਲਿਆ | ਜਿੱਥੇ 'ਡੀਸਿਲਟਿੰਗ' ਦੇ ਨਾਂਅ 'ਤੇ ਚਲਾਈ ਜਾ ਰਹੀ ਇਕ ਖੱਡ ਨੂੰ ਪਹਿਲਾਂ ਪਿੰਡ ਮੱਧੇਪੁਰ ਦੇ ਦਲੀਪ ਸਿੰਘ ਪੁੱਤਰ ਅਜੀਤ ਸਿੰਘ ਨੇ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਇਸ ਖੱਡ ਵਿਚੋਂ ਲੰਘਣ ਵਾਲੇ ਵਾਹਣ ਸਾਡੀ ਜ਼ਮੀਨ ਵਿਚੋਂ ਲੰਘ ਰਹੇ ਹਨ, ਪਰ ਹੁਣ ਇਹ ਸਾਰਾ ਮਾਮਲਾ ਉਸ ਸਮੇਂ ਹੋਰ ਭਖ ਗਿਆ, ਜਦੋਂ ਸਿਰਫ਼ ਉਕਤ ਪਰਿਵਾਰ ਵਲੋਂ ਹੀ ਨਹੀਂ, ਸਗੋਂ ਪਿੰਡ ਮੱਧੇਪੁਰ ਸਮੇਤ ਲਾਗਲੇ ਕਈ ਹੋਰ ਪਿੰਡਾਂ ਦੇ ਲੋਕਾਂ ਵਲੋਂ ਮਿਲ ਕੇ ਇਸ ਜਗ੍ਹਾ 'ਤੇ 'ਸਾਡੇ ਪਿੰਡ ਬਚਾਉ' ਨਾਂਅ 'ਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਪੂਰਾ ਪ੍ਰਸ਼ਾਸਨ ਦੁਚਿੱਤੀ ਵਿਚ ਹੈ ਕਿ ਇਸ ਸੰਬੰਧੀ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ | ਦੂਜੇ ਪਾਸੇ ਲੋਕਾਂ ਦੇ ਹੱਕ ਵਿਚ ਆਏ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਅਸਲ ਵਿਚ ਸਰਕਾਰ ਹੁਣ ਆਪਣੇ ਆਖਰੀ ਵਰ੍ਹੇ ਵਿਚ 'ਡੀਸਿਲਟਿੰਗ' ਦੇ ਨਾਂਅ 'ਤੇ ਰੇਤ ਮਾਫੀਏ ਨਾਲ ਮਿਲ ਕੇ ਚਿੱਟੇ ਰੇਤੇ ਦੇ ਕਾਲੇ ਕਾਰੋਬਾਰ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ, ਪਰ ਕਿਸੇ ਨੂੰ ਲੋਕਾਂ ਦੇ ਹੱਕਾਂ 'ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ | ਸਾਡੀ ਪਾਰਟੀ ਸਾਡੇ ਪਾਣੀ, ਸਾਡੀ ਧਰਤੀ ਅਤੇ ਸਾਡੇ ਹੱਕਾਂ ਦੀ ਰੱਖਿਆ ਲਈ ਮੋਰਚੇ 'ਤੇ ਡਟਕੇ ਖੜ੍ਹੇਗੀ | ਭਾਵੇਂ ਇਸ ਮੌਕੇ 'ਤੇ ਮਾਲ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਇਹ ਆਖ ਕੇ ਰਸਤਾ ਖੋਲ੍ਹਣ ਲਈ ਕਿਹਾ ਜਾ ਰਿਹਾ ਸੀ ਕਿ ਰਸਤੇ ਵਾਲੀ ਜਗ੍ਹਾ ਦਲੀਪ ਸਿੰਘ ਵਗੈਰਾ ਦੀ ਨਹੀਂ ਹੈ, ਸਗੋਂ ਇਹ ਜ਼ਮੀਨ ਕੇਂਦਰ ਸਰਕਾਰ ਦੀ ਹੈ, ਪਰ ਜੁੜੇ ਲੋਕਾਂ ਨੇ ਸਾਫ਼ ਆਖ ਦਿੱਤਾ ਕਿ ਅਸੀਂ ਇਸ ਜਗ੍ਹਾ 'ਤੇ ਕਿਸੇ ਵੀ ਹਾਲਤ ਵਿਚ ਖੱਡ ਨਹੀਂ ਚੱਕਣ ਦੇਵਾਂਗੇ | ਉਨ੍ਹਾਂ ਆਖਿਆ ਕਿ ਅਸੀਂ ਪਹਿਲਾਂ ਹੀ ਸਤਲੁਜ ਦੇ ਹੜ੍ਹਾਂ ਤੋਂ ਵੱਡਾ ਸੰਤਾਪ ਭੁਗਤ ਚੁੱਕੇ ਹਾਂ | ਕਈ ਸਾਲਾਂ ਬਾਅਦ ਸਾਡੀਆਂ ਜ਼ਮੀਨਾਂ ਆਬਾਦ ਹੋਈਆਂ ਹਨ, ਪਰ ਹੁਣ ਜੇਕਰ ਇੱਥੇ ਖੱਡ ਚੱਲਦੀ ਹੈ ਤਾਂ ਹੜ੍ਹਾਂ ਦੀ ਸਥਿਤੀ ਵਿਚ ਸਾਡੇ ਕਈ ਦਰਜਨ ਪਿੰਡਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਖੱਡ ਮਹਿਜ ਬੰਨ੍ਹ ਤੋਂ ਕੁਝ ਹੀ ਗਜ ਦੂਰੀ 'ਤੇ ਹੈ | ਜਿੱਥੇ ਮਹਿਕਮੇ ਨੇ ਪਹਿਲਾਂ ਹੀ ਪੱਥਰ ਲਗਾਇਆ ਹੋਇਆ ਹੈ | ਇਸ ਮੌਕੇ ਜੁੜੇ ਮੁਲਾਜ਼ਮਾਂ ਨੇ ਆਖਿਆ ਕਿ ਅਸੀਂ ਸਾਰੇ ਰਕਬੇ ਦੀ ਨਿਸ਼ਾਨਦੇਹੀ ਕਰਕੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਰਹੇ ਹਾਂ | ਖੱਡ ਚਲਾਉਣ ਜਾਂ ਬੰਦ ਕਰਵਾਉਣ ਦਾ ਅਗਲਾ ਫ਼ੈਸਲਾ ਸਾਡੇ ਸੀਨੀਅਰ ਅਧਿਕਾਰੀਆਂ ਦਾ ਹੋਵੇਗਾ | ਭਾਵੇਂ ਪੁਲਿਸ ਪ੍ਰਸ਼ਾਸਨ ਅੱਜ ਵੀ ਲੋਕਾਂ ਨੂੰ ਧਰਨੇ ਵਾਲੀ ਜਗ੍ਹਾ ਤੋਂ ਖਦੇੜਣ ਲਈ ਪੂਰੀ ਤਿਆਰੀ ਕਰਕੇ ਆਇਆ ਸੀ, ਪਰ ਲੋਕਾਂ ਦੇ ਗੁੱਸੇ ਕਾਰਨ ਉਨ੍ਹਾਂ ਦੇ ਤੇਵਰ ਅੱਜ ਵੀ ਨਰਮ ਹੋ ਗਏ |