ਸਿੱਧਵਾਂ ਬੇਟ, 22 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਹਮੇਸ਼ਾ ਪੰਥਕ ਸੋਚ ਰੱਖ ਕੇ ਲੰਬੇ ਸਮੇਂ ਪੰਥਕ ਹਲਕਾ ਦਾਖਾ ਦੇ ਚੁਣੇ ਜਾ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਅਤੇ ਸਹਿਕਾਰੀ ਖੇਤੀਬਾੜੀ ਸਭਾ ਜੰਡੀ ਦੇ ਪ੍ਰਧਾਨ ਭਾਈ ਅਜਮੇਰ ਸਿੰਘ ਖ਼ਾਲਸਾ ਅਤੇ ਬਲਜੀਤ ਸਿੰਘ ਪੰਧੇਰ ਨੇ ਪੰਥਕ ਧਿਰਾਂ ਵਿਚ ਏਕਤਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ ਪਾਰਟੀ ਵਲੋਂ ਸਰਬਸੰਮਤੀ ਨਾਲ ਬਣਾਈ ਗਈ ਪੰਥਕ ਏਕਤਾ ਤਾਲਮੇਲ ਕਮੇਟੀ ਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਕਨਵੀਨਰ ਬਣਾਏ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਆਖਿਆ ਕਿ ਇਯਾਲੀ ਦੀ ਇਸ ਨਿਯੁਕਤੀ ਨਾਲ ਸਿਰਫ਼ ਵਿਧਾਨ ਸਭਾ ਹਲਕਾ ਦਾਖਾ ਦੀਆਂ ਪੰਥਕ ਸੋਚ ਰੱਖਣ ਵਾਲੀਆਂ ਸੰਗਤਾਂ ਵਿਚ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀਆਂ ਸਿੱਖ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ, ਜਿਨ੍ਹਾਂ ਨੂੰ ਇਕ ਤਜਰਬੇਕਾਰ ਤੇ ਪੰਥਕ ਹਿਤੈਸ਼ੀ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਚ ਇਕ ਉਹ ਆਸ ਦੀ ਕਿਰਨ ਵਿਖਾਈ ਦੇ ਰਹੀ ਹੈ, ਜਿਸ ਨਾਲ ਪੰਥਕ ਸੋਚ ਰੱਖਣ ਵਾਲੇ ਸਾਰੇ ਆਗੂ ਇਕ ਪਲੇਟਫਾਰਮ 'ਤੇ ਵੇਖੇ ਜਾ ਸਕਦੇ ਹਨ | ਉਕਤ ਆਗੂਆਂ ਨੇ ਆਖਿਆ ਕਿ ਉਨ੍ਹਾਂ ਦੀ ਵੱਡੀ ਜਿੰਮੇਵਾਰੀ ਵਾਲੀ ਨਿਯੁਕਤੀ ਦਾ ਸਿੱਖ ਕੌਮ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਇਯਾਲੀ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਜ਼ਰੂਰ ਬੂਰ ਪਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਵਿਧਾਇਕ ਇਯਾਲੀ ਨੇ ਆਪਣੀ ਨਿਯੁਕਤੀ ਤੋਂ ਬਾਅਦ ਪੂਰੇ ਪੰਜਾਬ ਦੇ ਲੋਕਾਂ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਹੈ, ਉਸ ਦੀ ਬਦੌਲਤ 2027 ਦੀ ਵਿਧਾਨ ਸਭਾ ਚੋਣਾਂ ਵਿਚ ਇਕ ਨਿਰੋਲ ਪੰਥਕ ਸਰਕਾਰ ਬਣ ਕੇ ਰਹੇਗੀ |